ਸ਼੍ਰੀ ਅਕਾਲ ਤਖਤ ਸਾਹਿਬ ਨਾਲ ਆਪਣੀ ਨਿਸ਼ਠਾ ਅਤੇ ਸਮਰਪਣ ਨੂੰ ਦੁਹਰਾਉਂਦੇ ਹੋਏ ਭਾਈ ਅਮਨਦੀਪ ਸਿੰਘ ਅੱਜ ਆਪਣੇ ਜੱਥੇ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਧੀ ਦੇ ਅਨੰਦ ਕਾਰਜ (ਵਿਆਹ) ਸਬੰਧੀ ਚੱਲ ਰਹੇ ਚਰਚਿਆਂ ਅਤੇ ਵਿਰੋਧਾਂ ਮਗਰੋਂ, ਭਾਈ ਅਮਨਦੀਪ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਣੇ–ਅਣਜਾਣੇ ਚ ਹੋਈਆਂ ਭੁੱਲਾਂ ਲਈ ਮੁਆਫੀ ਦੀ ਬੇਨਤੀ ਕੀਤੀ। ਉਹਨਾਂ ਨੇ ਅਕਾਲ ਤਖਤ ਸਾਹਿਬ ਦਫ਼ਤਰ ਸਕੱਤਰੇਤ ਵਿਖੇ ਆਪਣਾ ਲਿਖਤੀ ਬੇਨਤੀ–ਪੱਤਰ ਇੰਚਾਰਜ ਬਗੀਚਾ ਸਿੰਘ ਨੂੰ ਸੌਂਪਿਆ।
ਪੱਤਰ ਵਿੱਚ ਉਨ੍ਹਾਂ ਨੇ ਦਰਜ ਕੀਤਾ ਕਿ ਅਨੰਦ ਕਾਰਜ ਦੌਰਾਨ ਜੇਕਰ ਮਰਿਆਦਾ ਸੰਬੰਧੀ ਕੋਈ ਅਣਜਾਣੀ ਗਲਤੀ ਹੋਈ ਹੋਵੇ, ਤਾਂ ਉਹ ਪੂਰਨ ਨਿਮਰਤਾ ਨਾਲ ਮਾਫੀ ਮੰਗਦੇ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਹਮੇਸ਼ਾਂ ਤੋਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਨ ਅਤੇ ਰਹਿੰਦੇ ਸਾਹਾਂ ਤੱਕ ਸਮਰਪਿਤ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਮੇਰੀ ਦੀ ਬੇਟੀ ਦੇ ਅਨੰਦ ਕਾਰਜ ਵਿੱਚ ਜੇ ਕੋਈ ਜਾਣੀ–ਅਣਜਾਣੀ ਭੁੱਲ ਹੋਈ ਹੈ ਤਾਂ ਅਕਾਲ ਤਖਤ ਸਾਹਿਬ ਤੋਂ ਬਖ਼ਸ਼ਿਸ਼ ਦੀ ਬੇਨਤੀ ਕੀਤੀ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਅਗਾਂਹ ਵੀ ਸਦਾ ਹੀ ਅਕਾਲ ਤਖਤ ਦੇ ਹੁਕਮਾਂ ਤੇ ਮਰਿਆਦਾ ਅਨੁਸਾਰ ਰਹਿਣ ਦੀ ਕੋਸ਼ਿਸ਼ ਰਹੇਗੀ। ਭਾਈ ਅਮਨਦੀਪ ਸਿੰਘ ਨੇ ਇਹ ਵੀ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਰਾਮਦਾਸ ਜੀ ਦੀ ਰਹਿਮਤ ਨਾਲ ਉਹ ਸਦਾ ਹੀ ਪੰਥਕ ਭਾਵਨਾ ਅਤੇ ਨਿਮਰਤਾ ਦੇ ਨਾਲ ਸੇਵਾ ਵਿੱਚ ਬਣੇ ਰਹਿਣਗੇ।
