ਬੀਡੀਪੀਓ ਦਫਤਰ ਅਮਲੋਹ ਵੱਲੋਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਵੀਡੀਓ ਤੱਥਾਂ ਤੋਂ ਪਰੇ-ਮੋਹਿਤ ਕਲਿਆਣ

  • ਸੰਮਤੀ ਮੁਲਾਜ਼ਮਾਂ ਦੀ ਤਨਖਾਹ ਦੇਣ ਲਈ ਸੈਕਟਰੀ ਵੇਜਿਜ ਦੇ ਚੈੱਕ ‘ਤੇ ਸੈਕਟਰੀ ਨੇ ਕੀਤੇ ਸੀ ਦਸਤਖਤ

ਬੀਡੀਪੀਓ ਦਫਤਰ ਅਮਲੋਹ ਵਿਖੇ ਪੰਚਾਇਤੀ ਚੋਣ ਜਾਬਤੇ ਦੀਆਂ ਧੱਜੀਆਂ ਉਡਾਣ ਸਬੰਧੀ ਚੱਲ ਰਹੀ ਵੀਡੀਓ ਸਹੀ ਨਹੀਂ ਹੈ ਅਤੇ ਇਹ ਵੀਡੀਓ ਤੱਥਾਂ ਤੋਂ ਪਰੇ ਹੈ। ਇਹ ਜਾਣਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਲੋਹ ਮੋਹਿਤ ਕਲਿਆਣ ਨੇ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਤ ਜਮੀਨਾਂ ਦੀਆਂ ਬੋਲੀਆਂ ਦੀ ਰਕਮ ਦਾ 30 ਫੀਸਦੀ ਹਿੱਸਾ ਸੈਕਟਰੀ ਵੇਜਿਜ ਵਜੋਂ ਬੀਡੀਪੀਓ ਦਫਤਰ ਵਿਖੇ ਜਮਾ ਹੁੰਦਾ ਹੈ ਜੋ ਕਿ ਸੰਮਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਵਰਤਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀ ਵੀਡੀਓ ਦੀ ਜਾਂਚ ਕਰਨ ‘ਤੇ ਪਤਾ ਚੱਲਿਆ ਕਿ ਗ੍ਰਾਮ ਪੰਚਾਇਤ ਕਲਾਲ ਮਾਜਰਾ ਵੱਲੋਂ 16 ਸਤੰਬਰ ਨੂੰ ਬਣਦੇ ਸੈਕਟਰੀ ਵੇਜਜ ਦੀ ਅਦਾਇਗੀ ਕਰਨ ਲਈ ਮਤਾ ਪਾਸ ਕੀਤਾ ਗਿਆ ਸੀ ਪ੍ਰੰਤੂ ਪੰਚਾਇਤ ਸਕੱਤਰ ਇਕਬਾਲ ਸਿੰਘ ਦੇ ਭਰਾ ਦੀ ਮੌਤ ਹੋਣ ਕਾਰਨ ਉਹ ਉਸ ਦਿਨ ਦਫਤਰ ਨਹੀਂ ਸੀ ਆਏ। ਜਿਸ ਕਾਰਨ ਚੈੱਕ ‘ਤੇ ਉਹਨਾਂ ਦੇ ਸਾਈਨ ਹੋਣੇ ਰਹਿ ਗਏ ਸਨ ਅਤੇ ਚੈੱਕ ਜਾਰੀ ਨਹੀਂ ਕੀਤਾ ਜਾ ਸਕਿਆ। ਉਹਨਾਂ ਦੱਸਿਆ ਕਿ 27 ਸਤੰਬਰ ਨੂੰ ਪੰਚਾਇਤ ਸਕੱਤਰ ਇਕਬਾਲ ਸਿੰਘ ਨੇ ਦਫਤਰ ਹਾਜ਼ਰ ਹੋ ਕੇ ਜਿਸ ਚੈਕ ਤੇ ਦਸਤਖਤ ਕੀਤੇ ਉਹ ਚੈੱਕ ਸੈਕਟਰੀ ਵੇਜਿਜ਼ ਦਾ ਸੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਕਰਮਚਾਰੀ ਨੇ ਹੋਰ ਕਿਸੇ ਵੀ ਚੈੱਕ ਤੇ ਦਸਤਖਤ ਨਹੀਂ ਕੀਤੇ।ਉਹਨਾਂ ਇਹ ਵੀ ਦੱਸਿਆ ਕਿ ਬੀਡੀਪੀਓ ਦਫਤਰ ਅਮਲੋਹ ਵੱਲੋਂ ਵਿਕਾਸ ਕਾਰਜਾਂ ਲਈ ਕਿਸੇ ਵੀ ਪੰਚਾਇਤ ਵਾਸਤੇ ਚੋਣ ਜਾਬਤਾ ਲੱਗਣ ਤੋਂ ਬਾਅਦ ਕੋਈ ਚੈੱਕ ਨਹੀਂ ਕੱਟੇ ਗਏ।

ਬੀਡੀਪੀਓ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤੀ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚੜਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਅਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਵੀ ਭੇਜੀ ਜਾ ਚੁੱਕੀ ਹੈ।

Leave a Reply

Your email address will not be published. Required fields are marked *