ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ, ਨੌਜਵਾਨਾਂ ਤੇ ਇਲਾਕਾ ਵਾਸੀਆਂ ਨੂੰ 6 ਅਪ੍ਰੈਲ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਸਿੱਧੂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ ਅਤੇ ਗਮਾਡਾ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਬਜਾਏ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ‘ਤੇ ਤੁਲੀ ਹੋਈ ਹੈ।

ਸਿੱਧੂ ਨੇ ਕਿਹਾ ਕਿ ਮੌਜੂਦਾ ਸਰਕਾਰ ਗਮਾਡਾ ਰਾਹੀਂ ਕਿਸਾਨਾਂ ਨਾਲ ਨਾਇਨਸਾਫ਼ੀ ਕਰ ਰਹੀ ਹੈ ਅਤੇ ਇਹ ਨੀਤੀਆਂ ਸਿੱਧੇ ਤੌਰ ‘ਤੇ ਕਿਸਾਨ ਵਿਰੋਧੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਿਨਾਂ ਯੋਗ ਮੁਆਵਜ਼ਾ ਦਿੱਤੇ ਕਿਸਾਨਾਂ ਤੋਂ ਜ਼ਮੀਨ ਹਾਸਲ ਕਰ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਧੱਕੇਸ਼ਾਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਪਲਾਟਾਂ ਦੀ ਵੰਡ ਕੀਤੀ ਜਾਂਦੀ ਹੈ ਤਾਂ ਕਿਸਾਨਾਂ ਦੀ ਥਾਂ ਵਪਾਰਕ ਘਰਾਣਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹ ਗੱਲ ਸਪਸ਼ਟ ਕਰਦੀ ਹੈ ਕਿ ਸਰਕਾਰ ਦਾ ਧਿਆਨ ਲੋਕ ਭਲਾਈ ਦੀ ਥਾਂ ਮੋਟਾ ਮੁਨਾਫ਼ਾ ਕਮਾਉਣ ਵੱਲ ਹੈ।
ਸਿੱਧੂ ਨੇ ਗਮਾਡਾ ਦੀ ਉਸ ਨੀਤੀ ‘ਤੇ ਵੀ ਸਵਾਲ ਉਠਾਏ ਜਿਸ ਅਨੁਸਾਰ ਕੋਨੇ ਜਾਂ ਪਾਰਕ ਦੇ ਸਾਹਮਣੇ ਪਲਾਟ ਲੈਣ ਵਾਲਿਆਂ ਤੋਂ ਵਾਧੂ ਰਕਮ ਵਸੂਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਗਲਤ ਹੈ ਅਤੇ ਇਸਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਗਮਾਡਾ, ਜੋ ਲੋਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਸੀ, ਹੁਣ ਨਿੱਜੀ ਕੰਪਨੀਆਂ ਵਾਂਗ ਕੰਮ ਕਰ ਰਿਹਾ ਹੈ ਅਤੇ ਸਿਰਫ਼ ਮੁਨਾਫ਼ੇ ‘ਤੇ ਧਿਆਨ ਦੇ ਰਿਹਾ ਹੈ।
ਸਿੱਧੂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਹ ਲੜਾਈ ਸਿਰਫ਼ ਕਿਸਾਨਾਂ ਦੀ ਨਹੀਂ, ਸਗੋਂ ਹਰ ਵਰਗ ਦੇ ਹੱਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਲੋਕ ਇਕੱਠੇ ਹੋ ਕੇ ਆਪਣੀ ਆਵਾਜ਼ ਨਹੀਂ ਉਠਾਉਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।
ਸਿੱਧੂ ਨੇ ਕਾਂਗਰਸ ਪਾਰਟੀ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਅਤੇ ਆਮ ਵਰਗ ਦੀ ਆਵਾਜ਼ ਬਣ ਕੇ ਖੜੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ ਅਤੇ ਅੱਗੇ ਵੀ ਇਹ ਲੜਾਈ ਜਾਰੀ ਰਹੇਗੀ।
ਉਨ੍ਹਾਂ ਖਾਸ ਤੌਰ ‘ਤੇ ਲੋਕਾਂ ਨੂੰ ਅਪੀਲ ਕੀਤੀ ਕਿ 6 ਅਪ੍ਰੈਲ ਨੂੰ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋ ਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਕਜੁੱਟਤਾ ਹੀ ਇਸ ਜ਼ਬਰ ਦੇ ਖਿਲਾਫ ਸਭ ਤੋਂ ਵੱਡਾ ਹਥਿਆਰ ਹੈ ਅਤੇ ਇਹੀ ਸਰਕਾਰ ਨੂੰ ਆਪਣੇ ਫੈਸਲੇ ਵਾਪਸ ਲੈਣ ਲਈ ਮਜਬੂਰ ਕਰੇਗੀ।

ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਇਸ ਮਸਲੇ ਨੂੰ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਏਗੀ ਅਤੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਆਪਣੇ ਦੌਰੇ ਦੌਰਾਨ ਸ੍ਰੀ ਸਿੱਧੂ ਨੇ ਪਿੰਡ ਸੁੱਖਗੜ੍ਹ, ਨਾਨੂ ਮਾਜਰਾ, ਮਾਣਕ ਮਾਜਰਾ, ਮੌਜਪੁਰ, ਭਾਗੋ ਮਾਜਰਾ ਭੈਰੋਪੁਰ, ਰਾਏਪੁਰ ਕਲਾ, ਗੋਬਿੰਦਗੜ੍ਹ, ਧੀਰਪੁਰ, ਗੁਡਾਣਾ, ਤੜੌਲੀ, ਸਨੇਟਾ, ਢੇਲਪੁਰ, ਮੀਢੇ ਮਾਜਰਾ, ਗੀਗੇ ਮਾਜਰਾ, ਨਗਾਰੀ, ਚਾਊ ਮਾਜਰਾ, ਦੁਰਾਲੀ, ਮਨਾਣਾ, ਠਸਕਾ, ਰਾਏਪੁਰ ਖੁਰਦ ਅਤੇ ਮੌਲੀ ਬੈਦਵਾਣ ਆਦਿ ਪਿੰਡਾਂ ਵਿੱਚ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਮਸਲੇ ਬਾਰੇ ਜਾਗਰੂਕ ਕੀਤਾ ਅਤੇ ਵੱਧ-ਚੜ੍ਹ ਕੇ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹੈ ਅਤੇ ਇਸ ਵਿੱਚ ਹਰ ਵਰਗ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੁਬਾਰਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਇਕੱਠੇ ਹੋਣ ਅਤੇ ਧਰਨੇ ਵਿੱਚ ਸ਼ਾਮਲ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ
