ਸੜਕੀ ਹਾਦਸਿਆਂ ਦੀ ਦਰ ਨੂੰ ਜੀਰੋ ਤੱਕ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨਾ ਤਹਿਤ ਜਾਗਰੂਕਤਾ ਗਤੀਵਿਧੀਆਂ ਦੇ ਨਾਲ-ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾ ਹੇਠ ਐਸ.ਡੀ.ਐਮ-ਕਮ-ਆਰ.ਟੀ.ਓ ਫਾਜਿਲਕਾ ਮੈਡਮ ਵੀਰਪਾਲ ਕੌਰ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਲਈ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਜਾਗਰੂਕਤਾ ਗਤੀਵਿਧੀਆਂ ਕਰਕੇ ਹੀ ਸੜਕੀ ਹਾਦਸਿਆਂ *ਤੇ ਕਾਬੂ ਪਾਇਆ ਜਾ ਸਕਦਾ ਹੈ।
ਸਮੀਖਿਆ ਮੀਟਿੰਗ ਦੌਰਾਨ ਐੱਸ.ਡੀ.ਐਮ/ਆਰਟੀਓ ਮੈਡਮ ਵੀਰਪਾਲ ਕੌਰ ਨੇ ਕਿਹਾ ਕਿ ਸੜਕੀ ਨਿਯਮਾਂ ਦਾ ਪਾਲਣ ਕਰਵਾਉਣ ਲਈ ਵਿਭਾਗੀ ਅਧਿਕਾਰੀ ਕੈਂਪ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਖੁਦ ਨਿਯਮਾਂ ਦਾ ਪਾਲਣ ਕਰਾਂਗੇ ਤਾਂ ਸਾਹਮਣੇ ਵਾਲਾ ਵੀ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀ ਸਾਵਧਾਨੀ ਵਰਤ ਕੇ ਸੜਕਾਂ *ਤੇ ਚਲਾਂਗੇ ਤਾਂ ਦੁਰਘਟਨਾ ਤੋਂ ਬਚ ਸਕਾਂਗੇ। ਉਨ੍ਹਾਂ ਅਧਿਕਾਰੀਆਂ ਨੁੰ ਹਦਾਇਤ ਕਰਦਿਆਂ ਕਿਹਾ ਕਿ ਬਲੈਕ ਸਪੋਟਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਤੇ ਲੋੜੀਂਦੇ ਪ੍ਰਬੰਧ ਕੀਤੇ ਜਾਣ, ਉਨ੍ਹਾਂ ਥਾਵਾਂ ਤੇ ਸਾਈਨ ਬੋਰਡ/ਲਾਈਟਾਂ ਆਦਿ ਲਗਾਈਆਂ ਜਾਣ ਜਿਸ ਨਾਲ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਹੀਕਲ ਚਲਾਉਂਦੇ ਸਮੇਂ ਜਾਂ ਸੜਕ *ਤੇ ਚੱਲਦੇ ਸਮੇਂ ਸੜਕ ਸੁਰੱਖਿਆਂ ਨਿਯਮਾਂ ਦੀ ਪਾਲਣਾ ਲਾਜਮੀ ਕੀਤੀ ਜਾਵੇ ।
ਇਸ ਮੌਕੇ ਏ.ਟੀ.ਓ ਸੁਖਚਰਨ ਸਿੰਘ, ਟਰਾਂਸਪੋਰਟ ਵਿਭਾਗ ਤੋਂ ਸੁਨੀਲ ਕੁਮਾਰ, ਪ੍ਰਾਨ, ਰੈਡ ਕਰਾਸ ਸੋਸਾਇਟੀ ਤੋਂ ਸੰਜੀਵ ਸੇਠੀ, ਪੁਲਿਸ ਵਿਭਾਗ, ਟ੍ਰੈਫਿਕ ਵਿਭਾਗ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।
