ਨਸਲ ਸੁਧਾਰ ਲਈ 59221 ਗਊਆਂ ਤੇ ਮੱਝਾਂ ਨੂੰ ਲਗਾਏ ਮਨਸੂਈ ਗਰਭਦਾਨ ਦੇ ਟੀਕੇ-ਡਾ: ਨਵਦੀਪ ਸ਼ਰਮਾ

ਜ਼ਿਲ੍ਹੇ ਦਾ ਪਸ਼ੂ ਪਾਲਣ ਵਿਭਾਗ ਪਸ਼ੂ ਪਾਲਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ ਅਤੇ ਵਿਭਾਗ ਵੱਲੋਂ ਲੰਘੇ ਮਾਲੀ ਸਾਲ ਦੌਰਾਨ ਪਸ਼ੂਆਂ ਦੀ ਨਸਲ ਸੁਧਾਰ ਲਈ 59221 ਗਊਆਂ ਤੇ ਮੱਝਾਂ ਨੂੰ ਮਨਸੂਈ ਗਰਭਦਾਨ ਦੇ ਟੀਕੇ ਲਗਾਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਮਨਸੂਈ ਗਰਭਦਾਨ ਦੇ ਟੀਕੇ ਪਸ਼ੂ ਪਾਲਕਾਂ ਨੂੰ ਬਹੁਤ ਹੀ ਘੱਟ ਰੇਟ ਤੇ ਉਪਲਬਧ ਕਰਵਾਏ ਜਾਂਦੇ ਹਨ ਤਾਂ ਜੋ ਵਧੀਆ ਕਿਸਮ ਦੀਆਂ ਦੁੱਧ ਦੇਣ ਵਾਲੀਆਂ ਵੱਛੀਆਂ ਤੇ ਕੱਟੀਆਂ ਪੈਦਾ ਹੋ ਸਕਣ।।

      ਸ਼੍ਰੀ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਏ.ਬੀ.ਆਈ.ਪੀ.-ਐਸ.ਐਸ. ਸਕੀਮ ਅਧੀਨ ਕੇਵਲ ਕੱਟੀਆਂ ਤੇ ਵੱਛੀਆਂ ਹੀ ਪੈਦਾ ਹੋਣ ਦੇ ਮੰਤਵ ਨਾਲ 2357 ਸੈਕਸਡ ਸੀਮਨ ਦੀਆਂ ਖੁਰਾਕਾਂ ਨਾਲ ਮਨਸੂਈ ਗਰਭਦਾਨ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੇਵਲ ਵੱਛੀਆਂ ਤੇ ਕੱਟੀਆਂ ਹੀ ਪੈਦਾ ਹੁੰਦੀਆਂ ਹਨ ਤੇ ਆਵਾਰਾ ਪਸ਼ੂਆਂ ਦੀ ਗਿਣਤੀ ਘੱਟਦੀ ਹੈ।

      ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਪਸ਼ੂ ਸੰਸਥਾਵਾਂ ਵਿੱਚ 129086 ਪਸ਼ੂਆਂ ਦਾ ਇਲਾਜ ਕੀਤਾ ਗਿਆ ਤੇ 182000 ਪਸ਼ੂਆਂ ਨੂੰ ਕੇਟ ਦੇ ਕੀੜ੍ਹਿਆਂ ਦੀ ਮੁਫਤ ਦਵਾਈ ਦਿੱਤੀ ਗਈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਗਲਘੋਟੂ ਤੇ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਸ਼ੂ ਪਾਲਣ ਦੇ ਧੰਦੇ ਨੂੰ ਵਧੇਰੇ ਲਾਹੇਵੰਦ ਬਣਾਉਣ ਲਈ ਪਸ਼ੂ ਪਾਲਕਾਂ ਨੂੰ ਡੇਅਰੀ ਤੋਂ ਇਲਾਵਾ ਬੱਕਰੀ ਪਾਲਣ, ਸੂਰ ਪਾਲਣ ਅਤੇ ਪੋਲਟਰੀ ਸਬੰਧੀ ਸਿਖਲਾਈ ਵੀ ਦਿਵਾਈ ਗਈ ਤਾਂ ਜੋ ਪਸ਼ੂ ਪਾਲਕਾਂ ਦਾ ਆਰਥਿਕ ਪੱਧਰ ਹੋਰ ਮਜਬੂਤ ਹੋ ਸਕੇ।

      ਸ਼੍ਰੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਕੌਮੀ ਦੁੱਧ ਰਿਕਾਰਡ ਪ੍ਰੋਗਰਾਮ ਅਧੀਨ ਵੱਧ ਦੁੱਧ ਦੇਣ ਵਾਲੀਆਂ ਗਊਆਂ ਦੀ ਸ਼ਨਾਖਤ ਕਰਨ ਲਈ 380 ਪਸ਼ੂਆਂ ਦੀ ਮਹੀਨਾਵਾਰ ਚੁਆਈਆਂ ਚੱਲ ਰਹੀਆਂ ਹਨ ਤਾਂ ਜੋ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਦੀ ਸ਼ਨਾਖਤ ਕਰਕੇ ਭਵਿੱਖ ਲਈ ਯੋਜਨਾ ਉਲੀਕੀ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਲ੍ਹੇ ਦੀਆਂ 90 ਪਸ਼ੂ ਸੰਸਥਾਵਾਂ ਵਿੱਚ ਵੱਖ-ਵੱਖ ਕਿਸਮਾਂ ਦੇ 1000 ਦੇ ਕਰੀਬ ਪੌਦੇ ਲਗਾਏ ਗਏ ਤਾਂ ਕਿ ਵਾਤਾਵਰਣ ਸ਼ੁੱਧ ਹੋ ਸਕੇ ਅਤੇ ਵਾਤਾਵਰਣ ਨੂੰ ਆਲਮੀ ਤਪਸ਼ ਤੋਂ ਬਚਾਇਆ ਜਾ ਸਕੇ।

            ਡਾ: ਨਵਦੀਪ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਪਸ਼ੂ ਪਾਲਣ ਦੇ ਧੰਦੇ ਨੂੰ ਉਤਸਾਹਤ ਕਰਨ ਵਾਸਤੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਸ਼ੂ ਪਾਲਕਾਂ ਨੂੰ ਵੱਖ-ਵੱਖ ਪਸ਼ੂਆਂ ਨੂੰ ਪਾਲਣ ਸਬੰਧੀ ਵਿਸਥਾਰ ਸਹਿਤ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਪਸ਼ੂ ਪਾਲਕ ਇਸ ਧੰਦੇ ਨਾਲ ਜੁੜ ਕੇ ਵਧੇਰੇ ਲਾਭ ਉਠਾ ਸਕਣ।

Leave a Reply

Your email address will not be published. Required fields are marked *