ਦਸਤ ਰੋਕੂ ਪੱਖਵਾੜੇ ਤਹਿਤ ਘਰ-ਘਰ ਵੰਡੇ ਜਾ ਰਹੇ ਹਨ ਓ.ਆਰ.ਐਸ ਪੈਕੇਟ

ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਫ਼ਾਜ਼ਿਲਕਾ ਡਾਕਟਰ ਰਾਜ ਕੁਮਾਰ ਦੀ ਉਚੇਚੀ ਨਿਗਰਾਨੀ, ਸਹਾਇਕ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਅਰਪਿਤ ਗੁਪਤਾ ਦੀ ਦੇਖਰੇਖ ਵਿੱਚ ਬੱਚਿਆਂ ਦੀ ਡਾਇਰੀਆ ਜਾਂ ਦਸਤ ਰੋਗ ਕਾਰਨ ਹੋਣ ਵਾਲੀਆਂ ਮੌਤਾਂ ‘ਤੇ ਕਾਬੂ ਪਾਉਣ ਲਈ 31 ਅਗਸਤ ਤੱਕ ਤੀਬਰ ਦਸਤ ਰੋਕੂ ਪੱਖਵਾੜਾ ਮਨਾਇਆ ਜਾ ਰਿਹਾ ਹੈ। ਇਸ ਪੱਖਵਾੜੇ ਤਹਿਤ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਾਲੇ ਘਰਾਂ ਵਿੱਚ ਓ.ਆਰ.ਐਸ. ਦੇ ਪੈਕਟ ਵੰਡੇ ਜਾ ਰਹੇ ਹਨ ਤਾਂ ਕਿ ਲੋੜ ਪੈਣ ‘ਤੇ ਬੱਚੇ ਨੂੰ ਘਰ ਵਿੱਚ ਹੀ ਜੀਵਨ ਰੱਖਿਅਕ ਘੋਲ ਤਿਆਰ ਕਰ ਕੇ ਦਿੱਤਾ ਜਾ ਸਕੇ।

ਇਹ ਜਾਣਕਾਰੀ ਦਿੰਦਿਆਂ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਤੀਬਰ ਦਸਤ ਰੋਕੂ ਪੰਦਰਵਾੜੇ ਦਾ ਮੁੱਖ ਟੀਚਾ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀਆਂ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦੀ ਮੁਕੰਮਲ ਰੋਕਥਾਮ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵਿੱਚ ਦਸਤ ਹੋਣ ‘ਤੇ, ਜੇ ਸਮੇਂ ਸਿਰ ਇਸ ਦਾ ਇਲਾਜ ਨਾ ਹੋ ਪਾਵੇ ਤਾਂ ਸ਼ਰੀਰ ਵਿੱਚ ਪਾਣੀ ਦੀ ਘਾਟ ਨਾਲ ਬੱਚੇ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਸਾਫ਼ ਸੁਥਰੇ ਅਤੇ ਤਾਜ਼ੇ ਭੋਜਨ ਪਦਾਰਥਾਂ ਦਾ ਹੀ ਇਸਤੇਮਾਲ ਕੀਤਾ ਜਾਵੇ ਅਤੇ ਪਾਣੀ ਨੂੰ ਉਬਾਲ ਕੇ ਠੰਡਾ ਕਰ ਕੇ ਵਰਤਿਆ ਜਾਵੇ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਜ਼ਿੰਕ ਅਤੇ ਓ.ਆਰ.ਐਸ ਕਾਰਨਰ ਬਣਾਏ ਗਏ ਹਨ ਅਤੇ ਸਮੂਹ ਸਟਾਫ਼ ਨੂੰ ਇਸ ਸਬੰਧੀ ਸਿੱਖਿਅਤ ਕੀਤਾ ਗਿਆ ਹੈ ਤਾਂ ਕਿ ਦਸਤ ਦੌਰਾਨ ਉਹ ਬੱਚਿਆਂ ਦੀ ਸਹੀ ਦੇਖਭਾਲ ਕਰ ਸਕਣ। ਦਸਤ ਨਾਲ ਪੀੜਿਤ ਬੱਚਿਆਂ ਨੂੰ ਲਗਾਤਾਰ 14 ਦਿਨ ਤੱਕ ਓ.ਆਰ.ਐਸ. ਅਤੇ ਜਿੰਕ ਦੀ ਖੁਰਾਕ ਦਿੱਤੀ ਜਾਂਦੀ ਹੈ। 2 ਮਹੀਨੇ ਤੱਕ ਦੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਦਿੱਤਾ ਜਾਣਾ ਹੈ, 2 ਤੋਂ 6 ਮਹੀਨੇ ਦੇ ਬੱਚੇ ਨੂੰ ਜਿੰਕ ਦੀ ਅੱਧੀ ਗੋਲੀ ਅਤੇ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਬੱਚੇ ਨੂੰ ਜਿੰਕ ਦੀ ਪੂਰੀ ਗੋਲੀ ਦਿੱਤੀ ਜਾਂਦੀ ਹੈ।

ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਜਨਮ ਤੋਂ ਲੈ ਕੇ ਪਹਿਲੇ ਛੇ ਮਹੀਨਿਆਂ ਤੱਕ ਸਿਰਫ ਮਾਂ ਦਾ ਦੁੱਧ ਦਿੱਤਾ ਜਾਵੇ ਅਤੇ ਦਸਤ ਵਿੱਚ ਵੀ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਬੀ.ਈ.ਈ ਦਿਵੇਸ਼ ਕੁਮਾਰ, ਬੀ.ਸੀ.ਸੀ. ਕੋਰਡੀਨੇਟਰ ਸੁਖਦੇਵ ਸਿੰਘ, ਏ.ਐਨ.ਐਮ ਬਲਜੀਤ ਕੌਰ, ਆਸ਼ਾ ਵਰਕਰ ਸੰਤੋਸ਼ ਰਾਣੀ ਅਤੇ ਆਸ਼ਾ ਵਰਕਰ ਸੁਮਨ ਲਤਾ ਮੌਜ਼ੂਦ ਸਨ।

Leave a Reply

Your email address will not be published. Required fields are marked *