
ਅਮਲੋਹ/ ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ: ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਸ਼ੁਰੂ ਕੀਤੀ “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਹਲਕੇ ਦੇ 05 ਸਕੂਲਾਂ ਵਿੱਚ ਕਰੀਬ 28 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜ ਲੋਕ ਅਰਪਿਤ ਕੀਤੇ।
ਇਹਨਾਂ 05 ਸਕੂਲਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ, ਕਲਾਲ ਮਾਜਰਾ, ਸਰਕਾਰੀ ਐਲੀਮੈਂਟਰੀ ਸਕੂਲ, ਘੁਢੀਂਡ, ਸਰਕਾਰੀ ਮਿਡਲ ਸਕੂਲ, ਘੁਢੀਂਡ, ਸਰਕਾਰੀ ਪ੍ਰਾਇਮਰੀ ਸਕੂਲ, ਸਲਾਣਾ ਦੁੱਲਾ ਸਿੰਘ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਲਾਣਾ ਜੀਵਨ ਸਿੰਘ ਵਾਲਾ ਸ਼ਾਮਲ ਹਨ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 75 ਸਾਲ ਤੋਂ ਬੁਨਿਆਦੀ ਕੰਮ ਬਕਾਇਆ ਪਏ ਸਨ, ਜਿਨ੍ਹਾਂ ਨੂੰ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਕਰਵਾਇਆ ਗਿਆ ਹੈ।
ਹਲਕਾ ਵਿਧਾਇਕ ਨੇ ਦੱਸਿਆ ਕਿ 20 ਹਜ਼ਾਰ ਨਵੇਂ ਅਧਿਆਪਕ ਭਰਤੀ ਹੋਏ ਹਨ ਤੇ 12,700 ਕੱਚੇ ਅਧਿਆਪਕ ਪੱਕੇ ਕੀਤੇ ਗਏ ਹਨ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉੱਚ ਦਰਜੇ ਦੀ ਸਿਖਲਾਈ ਹਾਸਲ ਕਰਨ ਲਈ ਦੇਸ਼ ਦੀਆਂ ਵੱਡੀਆਂ ਸੰਸਥਾਵਾਂ ਅਤੇ ਵਿਦੇਸ਼ਾਂ ਵਿੱਚ ਭੇਜਿਆ ਗਿਆ ਹੈ। ਅਤਿ ਆਧੁਨਿਕ ਸਹੂਲਤਾਂ ਨਾਲ ਲੈਸ 100 ਦੇ ਕਰੀਬ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ।
ਸਰਕਾਰੀ ਸਕੂਲਾਂ ਲਈ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਤੇ 10 ਹਜ਼ਾਰ ਵਿਦਿਆਰਥੀ ਬੱਸ ਸੇਵਾ ਦਾ ਲਾਭ ਲੈ ਰਹੇ ਹਨ। ਹਲਕਾ ਅਮਲੋਹ ਦੇ ਕਈ ਸਕੂਲਾਂ ਵਿੱਚ ਵੀ ਬੱਸ ਸੇਵਾ ਦਿੱਤੀ ਜਾ ਰਹੀ ਹੈ ਤੇ ਰਹਿੰਦੇ ਸਕੂਲਾਂ ਵਿੱਚ ਵੀ ਜਲਦੀ ਇਹ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਕੈਂਪਸ ਮੈਨੇਜਰ, ਸੁਰੱਖਿਆ ਗਾਰਡ ਤੇ ਚੌਕੀਦਾਰ ਸਕੂਲਾਂ ਵਿੱਚ ਨਿਯੁਕਤ ਕੀਤੇ ਗਏ ਹਨ। 17 ਹਜ਼ਾਰ ਤੋਂ ਵੱਧ ਸਕੂਲਾਂ ਨੂੰ ਇੰਟਰਨੈਟ ਵਾਈ ਫਾਈ ਦੀ ਸਹੂਲਤ ਨਾਲ ਲੈਸ ਕੀਤਾ ਗਿਆ ਹੈ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੀਤੇ ਵਾਅਦਿਆਂ ਮੁਤਾਬਕ ਨਸ਼ਾ ਤਸਕਰੀ ਦੀ ਸਪਲਾਈ ਚੇਨ ਤੋੜੀ ਹੈ ਅਤੇ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਗਈਆਂ ਜਾਇਦਾਦਾਂ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਤੇ ਬਹੁਤ ਜਲਦ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ।
ਸੂਬੇ ਵਿੱਚ ਨਿਵੇਸ਼ ਦੀ ਦਰ ਵੀ ਬਹੁਤ ਉੱਪਰ ਗਈ ਹੈ ਅਤੇ 97 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ ਉੱਤੇ ਰੁਜ਼ਗਾਰ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 56 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਸਿਹਤ ਖੇਤਰ ਸਬੰਧੀ ਕੀਤੇ ਵਾਅਦਿਆਂ ਮੁਤਾਬਕ 800 ਦੇ ਕਰੀਬ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਮਿਲ ਰਹੀ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਉੱਤੇ ਨੱਥ ਪਾਈ ਗਈ ਹੈ, ਖਾਸਕਰ ਕੇ ਰਜਿਸਟਰੀਆਂ ਦੀ ਪ੍ਰਕਿਰਿਆ ਉੱਤੇ ਤਿੱਖੀ ਨਜ਼ਰ ਰੱਖ ਕੇ ਇਸ ਪ੍ਰਕਿਰਿਆ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਗਿਆ ਹੈ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਬੇਹਤਰ ਸਿੰਚਾਈ ਸਹੂਲਤਾਂ ਦੇਣ ਦੇ ਮਕਸਦ ਨਾਲ ਹਜ਼ਾਰਾਂ ਕਿਲੋਮੀਟਰ ਖਾਲ ਮੁੜ ਸੁਰਜੀਤ ਕੀਤੇ ਗਏ ਹਨ। ਸੜਕੀ ਆਵਾਜਾਈ ਨੂੰ ਹੋਰ ਸੁਰੱਖਿਤ ਬਣਾਉਣ ਦੇ ਮਕਸਦ ਨਾਲ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ। ਕੋਈ ਵੀ ਹਾਦਸਾ ਹੋਣ ‘ਤੇ ਇਸ ਫੋਰਸ ਦੇ ਰੂਪ ਵਿੱਚ 12 ਮਿੰਟ ਵਿਚ ਮਦਦ ਪੁੱਜਦੀ ਹੈ।
ਇਸ ਮੌਕੇ ਸ਼ਿੰਗਾਰਾ ਸਿੰਘ ਸਲਾਣਾ, ਪ੍ਰਧਾਨ ਟਰਾਂਸਪੋਰਟ ਸੈਲ ਆਪ, ਮਾਸਟਰ ਹਰਜੀਤ ਸਿੰਘ ਗਰੇਵਾਲ, ਰਣਜੀਤ ਸਿੰਘ ਪਨਾਗ, ਅੰਮ੍ਰਿਤਪਾਲ ਸਿੰਘ ਵਾਲੀਆ, ਅਵਤਾਰ ਮੁਹੰਮਦ, ਮਨੀਸ਼ ਕੁਮਾਰ, ਏਕਮ ਸਿੰਘ ਸਰਪੰਚ ਕਲਾਲਮਾਜਰਾ, ਅੰਮ੍ਰਿਤਪਾਲ ਸਿੰਘ ਸੀਨੀਅਰ ਆਗੂ, ਸੁਖਵਿੰਦਰ ਸਿੰਘ, ਬੀ.ਪੀ.ਈ.ਓ. ਹਰਵੇਲ ਸਿੰਘ, ਨੋਡਲ ਅਫ਼ਸਰ ਅਮਨਦੀਪ ਸਿੰਘ, ਮੀਡੀਆ ਕੋਆਰਡੀਨੇਟਰ ਜਰਨੈਲ ਸਿੰਘ ਸਹੋਤਾ, ਸੁਖਜੀਤ ਸਿੰਘ ਮਾਵੀ ਸਮੇਤ ਵੱਡੀ ਗਿਣਤੀ ਵਿਦਿਆਰਥੀ, ਅਧਿਆਪਕ ਤੇ ਪਿੰਡ ਵਾਸੀ ਹਾਜ਼ਰ ਸਨ।
