ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਪੰਜਾਬ ਦੀ ਖੇਤੀ ਅਰਥਵਿਵਸਥਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ।
ਨਾਬਾਰਡ ਦੇ 44ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਸੂਬੇ ਦੇ ਸਹਿਕਾਰੀ ਬੈਂਕਿੰਗ ਨੈੱਟਵਰਕ ਨੂੰ ਮਜ਼ਬੂਤ ਕਰਨ ਵਿੱਚ ਸੰਸਥਾ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਖਾਸ ਤੌਰ ‘ਤੇ ਸਹਿਕਾਰੀ ਬੈਂਕਾਂ ਅਤੇ ਸੋਸਾਇਟੀਆਂ ਨੂੰ ਨਾਬਾਰਡ ਦੁਆਰਾ ਦਿੱਤੇ ਗਏ ਘੱਟ ਵਿਆਜ ਦਰ ਵਾਲੇ ਕਰਜ਼ਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹੁੰਚਯੋਗ ਵਿੱਤੀ ਸਰੋਤ ਇਨ੍ਹਾਂ ਸੰਸਥਾਵਾਂ ਨੂੰ ਬਦਲੇ ਵਿੱਚ ਕਿਸਾਨਾਂ ਨੂੰ ਕਿਫਾਇਤੀ ਕਰਜ਼ਾ ਪ੍ਰਦਾਨ ਕਰਨ ਦੇ ਯੋਗ ਬਣਾਉਂਦੇ ਹਨ, ਜੋ ਕਿ ਸੂਬੇ ਵਿੱਚ ਖੇਤੀਬਾੜੀ ਵਿਕਾਸ ਦਾ ਮੁੱਖ ਅਧਾਰ ਹੈ।

ਵਿੱਤ ਮੰਤਰੀ ਨੇ ਸੂਬੇ ਦੀ ਤਰੱਕੀ ਵਿੱਚ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸੋਸਾਇਟੀਆਂ (ਐਮ.ਪੀ.ਸੀ.ਏ.ਐਸ.ਐਸ) ਦੀ ਅਹਿਮ ਭੂਮਿਕਾ ‘ਤੇ ਵੀ ਜ਼ੋਰ ਦਿੱਤਾ। ਪੰਜਾਬ ਦੇ ਸਹਿਕਾਰੀ ਖੇਤਰ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਦੇ ਪ੍ਰਮਾਣ ਵਜੋਂ, ਵਿੱਤ ਮੰਤਰੀ ਚੀਮਾ ਨੇ 1920 ਵਿੱਚ ਸਥਾਪਿਤ ‘ਦਾ ਲਾਂਬੜਾ ਕਾਂਗੜੀ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਹੁਸ਼ਿਆਰਪੁਰ’ ਦੇ ਨੁਮਾਇੰਦਿਆਂ ਨੂੰ ਸਮਾਗਮ ਵਿੱਚ ਮੌਜੂਦ ਲੋਕਾਂ ਨਾਲ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਨ ਲਈ ਸੱਦਾ ਦਿੱਤਾ। ਇਸ ਸੋਸਾਇਟੀ ਦੀ ਸਫ਼ਲਤਾ ਪ੍ਰਭਾਵਸ਼ਾਲੀ ਸਹਿਕਾਰੀ ਕਾਰਜਪ੍ਰਣਾਲੀ ਦੀ ਇੱਕ ਪ੍ਰੇਰਣਾਦਾਇਕ ਉਦਾਹਰਣ ਵਜੋਂ ਕੰਮ ਕਰਦੀ ਹੈ।
ਪੰਜਾਬ ਦੀਆਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਪੈਕਸ) ਦੀ ਮੌਜੂਦਾ ਸਥਿਤੀ ਬਾਰੇ ਬੋਲਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਲਗਭਗ 3,500 ਪੈਕਸ ਵਿੱਚੋਂ ਲਗਭਗ 1,800 ਇਸ ਸਮੇਂ ਮੁਨਾਫੇ ਵਿੱਚ ਚੱਲ ਰਹੀਆਂ ਹਨ, ਜਦੋਂ ਕਿ ਬਾਕੀ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ, ਜਿਨ੍ਹਾਂ ਹਮੇਸ਼ਾਂ ਖੇਤੀਬਾੜੀ ਨਵੀਨਤਾ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ, ਨੂੰ ਸੂਬੇ ਭਰ ਵਿੱਚ ਪੈਕਸ ਨੈੱਟਵਰਕ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।

ਇਸ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਬਿਹਤਰੀਨ ਐਮ.ਪੀ.ਸੀ.ਏ.ਐਸ.ਐਸ. ਨੂੰ ਸਨਮਾਨਿਤ ਵੀ ਕੀਤਾ, ਜਿਨ੍ਹਾਂ ਵਿੱਚ ਨੂਰਪੁਰ ਬੇਟ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਲੁਧਿਆਣਾ, ਲਾਂਬੜਾ ਕਾਂਗੜੀ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਹੁਸ਼ਿਆਰਪੁਰ, ਅਤੇ ਸੁਖਾਨੰਦ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਮੋਗਾ ਨੂੰ ‘ਸਾਲ ਦੌਰਾਨ ਸਰਵੋਤਮ ਐਮ.ਪੀ.ਏ.ਸੀ.ਐਸ. – ਗੈਰ-ਕ੍ਰੈਡਿਟ ਸੇਵਾਵਾਂ’ ਵਜੋਂ; ਬੀਜਾਪੁਰ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਲੁਧਿਆਣਾ, ਸਮੀਪੁਰ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਜਲੰਧਰ, ਅਤੇ ਕਲਿਆਣ ਸੁੱਖਾ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਬਠਿੰਡਾ ਨੂੰ ‘ਸਰਵੋਤਮ ਐਮ.ਪੀ.ਏ.ਸੀ.ਐਸ. – ਵਿੱਤੀ ਕਾਰਗੁਜ਼ਾਰੀ’ ਵਜੋਂ; ਅਤੇ ਸੁਖਾਨੰਦ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਮੋਗਾ, ਮਹਿਲ ਗਹਿਲਾਂ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਐਸ.ਬੀ.ਐਸ. ਨਗਰ, ਅਤੇ ਗਿੱਦਰਾਣੀ ਐਮ.ਪੀ.ਸੀ.ਏ.ਐਸ.ਐਸ. ਲਿਮਟਿਡ, ਸੰਗਰੂਰ ਨੂੰ ‘ਸਾਲ ਦੀਆਂ ਸਰਵੋਤਮ ਨਵੀਆਂ ਐਮ.ਪੀ.ਏ.ਸੀ.ਐਸ. – ਵੱਖ-ਵੱਖ ਐਮ.ਓ.ਸੀ. ਪਹਿਲਕਦਮੀਆਂ ਨੂੰ ਅਪਣਾਉਣ’ ਵਜੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਪੂਰਥਲਾ ਡੀ.ਸੀ.ਸੀ.ਬੀ., ਜਲੰਧਰ ਡੀ.ਸੀ.ਸੀ.ਬੀ., ਮੁਕਤਸਰ ਡੀ.ਸੀ.ਸੀ.ਬੀ., ਪੀ.ਐਸ.ਟੀ.ਸੀ.ਬੀ., ਆਰ.ਸੀ.ਐਸ., ਸੰਗਰੂਰ ਫੁਲਕਾਰੀ ਪ੍ਰੋਡਿਊਸਰ ਕੰਪਨੀ, ਅਤੇ ਸੰਗਰੂਰ ਐਗਰੀ ਗਰੋਅਰ ਪ੍ਰੋਡਿਊਸਰ ਕੰਪਨੀ ਨੂੰ ਵੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਦੇ ਖੇਤਰੀ ਨਿਰਦੇਸ਼ਕ ਵਿਵੇਕ ਸ੍ਰੀਵਾਸਤਵ, ਨਾਬਾਰਡ, ਪੰਜਾਬ ਦੇ ਸੀ.ਜੀ.ਐਮ. ਵੀ.ਕੇ. ਆਰਿਆ, ਨਾਬਾਰਡ, ਹਰਿਆਣਾ ਦੀ ਸੀ.ਜੀ.ਐਮ. ਨਿਵੇਦਿਤਾ ਤਿਵਾੜੀ, ਪੀ.ਐਸ.ਸੀ.ਬੀ. ਦੇ ਚੇਅਰਮੈਨ ਜਗਦੇਵ ਸਿੰਘ, ਅਤੇ ਪੀ.ਐਸ.ਸੀ.ਬੀ. ਦੇ ਐਮ.ਡੀ. ਹਰਜੀਤ ਸਿੰਘ ਸੰਧੂ ਵੀ ਹਾਜ਼ਰ ਸਨ।