ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਨਰਮੇ ਦੀ ਫਸਲ ਦੇ ਜਾਇਜੇ ਲਈ ਜਿਲੇ ਦਾ ਦੌਰਾ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਇੱਕ ਟੀਮ ਨੇ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਦੇ ਜਾਇਜੇ ਲਈ ਦੌਰਾ ਕੀਤਾ ਹੈ । ਇਸ ਟੀਮ ਦੀ ਅਗਵਾਈ ਡਿਪਟੀ ਡਾਇਰੈਕਟਰ ਕਪਾਹ ਸ੍ਰੀ ਚਰਨਜੀਤ ਸਿੰਘ ਕਰ ਰਹੇ ਸਨ ਅਤੇ ਇਸ ਵਿੱਚ ਏਐਮਓ ਯਾਦਵਿੰਦਰ ਸਿੰਘ ਅਤੇ ਪੀਡੀ ਆਤਮਾ ਅਮਨ ਅਰੋੜਾ ਸ਼ਾਮਿਲ ਸਨ। ਇਸ ਟੀਮ ਵੱਲੋਂ ਪਿੰਡ ਟਾਹਲੀ ਵਾਲਾ ਜੱਟਾਂ ਅਤੇ ਮਾਹੂਆਣਾ ਬੋਦਲਾ ਵਿੱਚ ਖੇਤਾਂ ਦਾ ਦੌਰਾ ਕਰਕੇ ਫਸਲ ਤੇ ਕੀਟਾਂ ਦੇ ਹਮਲੇ ਅਤੇ ਫਸਲ ਦੀ ਤਾਜ਼ਾ ਸਥਿਤੀ ਸਬੰਧੀ ਕਿਸਾਨਾਂ ਤੋਂ ਜਾਣਕਾਰੀ ਹਾਸਿਲ ਕੀਤੀ ਗਈ।

 ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਰਾਜਿੰਦਰ ਕੁਮਾਰ ਕੰਬੋਜ , ਖੇਤੀਬਾੜੀ ਅਫਸਰ ਮਮਤਾ ਲੂਣਾ, ਬਲਾਕ ਖੇਤੀਬਾੜੀ ਅਫਸਰ ਬਲਦੇਵ ਸਿੰਘ, ਏਡੀ ਓ ਲਵਪ੍ਰੀਤ ਸਿੰਘ ਅਤੇ ਵਿੱਕੀ ਕੁਮਾਰ, ਏਐਸਆਈ ਦਵਿੰਦਰ ਸਿੰਘ ਵੀ ਹਾਜ਼ਰ ਸਨ।

 ਇਸ ਮੌਕੇ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫਸਲ ਨੂੰ ਉਤਸਾਹਿਤ ਕਰਨ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਰਾਬਤਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਮੀਹ ਪੈਣ ਨਾਲ ਫਸਲ ਨੂੰ ਔੜ ਤੋਂ ਰਾਹਤ ਮਿਲੇਗੀ । ਉਹਨਾਂ ਕਿਹਾ ਕਿ ਜਿੱਥੇ ਹਾਲੇ ਪਹਿਲੀ ਸਿੰਚਾਈ ਨਹੀਂ ਹੋਈ ਸੀ ਅਤੇ ਮੀਂਹ ਪੈਣ ਤੋਂ ਬਾਅਦ ਕਿਸਾਨ ਪ੍ਰਤੀ ਏਕੜ ਅੱਧਾ ਗੱਟਾ ਯੂਰੀਆ ਪਾ ਦੇਣ। ਉਹਨਾਂ ਨੇ ਆਖਿਆ ਕਿ ਮੀਂਹ ਪੈਣ ਨਾਲ ਫਸਲ ਤੇ ਚਿੱਟੀ ਮੱਖੀ ਦੇ ਹਮਲੇ ਤੇ ਕੰਟਰੋਲ ਹੋਵੇਗਾ ਅਤੇ ਫਸਲ ਹੁਣ ਤੇਜ਼ੀ ਨਾਲ ਵਾਧਾ ਕਰੇਗੀ।

ਚਿੱਟੀ ਮੱਖੀ ਦੇ ਹਮਲੇ ਹੋਣ *ਤੇ ਸ਼ੁਰੂਆਤੀ ਅਵਸਥਾ ਵਿਚ ਇਕ ਲੀਟਰ ਨਿੰਬੀਸੀਡੀਨ ਜਾਂ ਅਚੂਕ ਜਾਂ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪੀ.ਏ.ਯੂ. ਦੁਆਰਾ ਤਿਆਰ ਕੀਤਾ ਨਿੰਮ ਦਾ ਘੋਲ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਲਈ ਸੁਰੱਖਿਅਤ ਹਨ।

 ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਰਜਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 60,121 ਹੈਕਟੇਅਰ ਨਰਮੇ ਦੀ ਬਿਜਾਈ ਹੋਈ ਹੈ । ਉਨਾਂ ਨੇ ਇਹ ਵੀ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਨੇ ਹਲੇ ਤੱਕ ਨਰਮੇ ਬੀਜ ਤੇ ਸਬਸਿਡੀ ਲੈਣ ਲਈ ਅਪਲਾਈ ਨਹੀਂ ਕੀਤਾ ਉਹ 30 ਜੂਨ ਤੋਂ ਪਹਿਲਾਂ ਪਹਿਲਾਂ ਵਿਭਾਗ ਦੇ ਪੋਰਟਲ ਤੇ ਸਬਸਿਡੀ ਲਈ ਅਪਲਾਈ ਕਰ ਦੇਣ । ਉਹਨਾਂ ਨੇ ਕਿਹਾ ਕਿ ਬੀਟੀ ਕਿਸਮਾਂ ਦੇ ਬੀਜ ਤੇ ਕਿਸਾਨਾਂ ਨੂੰ 33 ਫੀਸਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇੱਕ ਕਿਸਾਨ ਨੂੰ ਵੱਧ ਤੋਂ ਵੱਧ 10 ਪੈਕਟਾਂ ਲਈ ਸਬਸਿਡੀ ਮਿਲਣ ਯੋਗ ਹੈ। ਇਸ ਲਈ ਕਿਸਾਨ ਵਿਭਾਗ ਦੇ ਪੋਰਟਲ https://agrimachinerypb.com/ ਤੇ ਅਪਲਾਈ ਕਰ ਸਕਦੇ ਹਨ.

Leave a Reply

Your email address will not be published. Required fields are marked *