ਨਗਰ ਪੰਚਾਇਤ ਵੱਲੋਂ ਖਮਾਣੋ ਕਲਾਂ ਵਿਖੇ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕੀਤੀ ਗਈ ਕਾਰਵਾਈ-ਕਾਰਜ ਸਾਧਕ ਅਫਸਰ

ਖਮਾਣੋਂ/ਫਤਹਿਗੜ੍ਹ ਸਾਹਿਬ 06 ਅਪ੍ਰੈਲ ਖਮਾਣੋ ਕਲਾਂ ਵਿਖੇ ਪਿੰਡ ਦੇ ਟੋਭੇ ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਲਈ ਨਗਰ ਪੰਚਾਇਤ ਵੱਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਜਿਹੜੀਆਂ ਥਾਵਾਂ ਤੇ ਮਾਣਯੋਗ ਕੋਰਟ ਵੱਲੋਂ ਸਟੇਅ ਦਿੱਤੀ ਗਈ ਸੀ ਉਹ ਥਾਵਾਂ ਤੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਜਾਣਕਾਰੀ ਨਗਰ ਪੰਚਾਇਤ ਖਮਾਣੋ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ ਖਮਾਣੋ ਕਲਾ ਦੇ ਟੋਭੇ ਤੇ ਕੀਤੇ ਨਾਜਾਇਜ਼ ਕਬਜ਼ੇ ਹਟਵਾਉਣ ਲਈ ਨਗਰ ਪੰਚਾਇਤ ਵੱਲੋਂ ਪਹਿਲਾਂ ਹੀ ਸਬੰਧਤ ਵਿਅਕਤੀਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ।

ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਸਟੇਟਸ ਰਿਪੋਰਟ ਦਾਖਲ ਕਰਨੀ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਹੀ ਨਜਾਇਜ਼ ਉਸਾਰੀਆਂ ਢਾਹੀਆਂ ਗਈਆਂ ਹਨ। ਉਨਾਂ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਇੱਕ ਪਲਾਟ ਦੇ ਵਿੱਚੋਂ ਜੇਸੀਬੀ ਮਸ਼ੀਨ ਲੰਘਾਈ ਗਈ ਸੀ ਪ੍ਰੰਤੂ ਉਸ ਤੇ ਕੋਈ ਹੋਰ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਖਮਾਣੋਂ ਕਲਾਂ ਦੇ ਵਿਅਕਤੀ ਵੱਲੋਂ ਜੋ ਆਪਣੇ ਪਲਾਟ ਦੀਆਂ ਕੰਧਾਂ ਢਾਹੁਣ ਸਬੰਧੀ ਕਿਹਾ ਜਾ ਰਿਹਾ ਹੈ ਉਹ ਪੂਰੀ ਤਰਾਂ ਗਲਤ ਹੈ।

ਈ. ਓ. ਸੁਖਦੇਵ ਸਿੰਘ ਨੇ ਕਿਹਾ ਕਿ ਨਗਰ ਪੰਚਾਇਤ ਵੱਲੋਂ ਸਰਕਾਰੀ ਜਮੀਨਾਂ ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਵਾਉਣ ਲਈ ਸਮੇਂ ਸਮੇਂ ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਸਰਕਾਰੀ ਜਮੀਨਾਂ ਤੇ ਨਜਾਇਜ਼ ਕਬਜ਼ੇ ਨਾ ਕਰਨ ਸਬੰਧੀ ਵਾਰ ਵਾਰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਪਰੰਤੂ ਫਿਰ ਵੀ ਕਈ ਲੋਕ ਸਰਕਾਰੀ ਜਮੀਨਾਂ ਤੇ ਨਜਾਇਜ਼ ਕਬਜ਼ੇ ਕਰ ਲੈਂਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੇਸ਼ ਆਉਂਦੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਜਮੀਨਾਂ ਤੇ ਨਜਾਇਜ਼ ਕਬਜ਼ੇ ਨਾ ਕੀਤੇ ਜਾਣ ਕਿਉਂਕਿ ਅਜਿਹਾ ਕਰਕੇ ਜਿੱਥੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਉੱਥੇ ਹੀ ਇਸ ਨਾਲ ਸਰਕਾਰੀ ਜਮੀਨਾਂ ਦੀ ਦੁਰਵਰਤੋਂ ਵੀ ਹੁੰਦੀ ਹੈ।

Leave a Reply

Your email address will not be published. Required fields are marked *