- ਟੀਮ ਨੇ ਵੱਖ ਵੱਖ ਫਰਮਾਂ ਦੇ ਗੋਦਾਮਾਂ ਵਿੱਚੋਂ ਖਾਦ ਦੇ ਨਮੂਨੇ ਲੈ ਕੇ ਜਾਂਚ ਲਈ ਲੈਬ ਵਿੱਚ ਭੇਜੇ
ਫ਼ਤਹਿਗੜ੍ਹ ਸਾਹਿਬ, 23 ਜੁਲਾਈ:
ਕਿਸਾਨਾਂ ਨੂੰ ਮਿਆਰੀ ਖਾਦ ਅਤੇ ਕੀਟ ਨਾਸ਼ਕ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ਼੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠਲੀ ਟੀਮ ਨੇ ਮਿਆਰੀ ਖਾਦਾਂ ਸਬੰਧੀ ਰੁੜਕੀ, ਜਖਵਾਲੀ, ਸਰਹਿੰਦ ਅਤੇ ਬਡਾਲੀ ਆਲਾ ਸਿੰਘ ਵਿਖੇ ਗੋਦਾਮਾਂ ਦੀ ਵਿਸ਼ੇਸ਼ ਤੌਰ ‘ਤੇ ਅਚਨਚੇਤ ਚੈਕਿੰਗ ਕੀਤੀ।

ਟੀਮ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ: ਗੁਰਨਾਮ ਸਿੰਘ, ਖੇਤੀਬਾੜੀ ਵਿਕਾਸ ਅਫਸਰ ਦਮਨ ਝਾਂਜੀ ਅਤੇ ਖੇਤੀਬਾੜੀ ਉਪ ਨਿਰੀਖਕ ਹਰਪਿੰਦਰ ਕੌਰ ਵੀ ਸ਼ਾਮਲ ਸਨ। ਟੀਮ ਵੱਲੋਂ ਖਾਦ ਗੋਦਾਮਾਂ ਵਿੱਚੋਂ ਖਾਦ ਦੇ ਨਮੂਨੇ ਲੈ ਕੇ ਲੈਬ ਵਿੱਚ ਜਾਂਚ ਕਰਵਾਉਣ ਲਈ ਭੇਜੇ ਗਏ। ਟੀਮ ਨੇ ਸਬੰਧਤ ਫਰਮਾਂ ਕੋਲ ਮੌਜੂਦ ਰਿਕਾਰਡ, ਸਟਾਕ ਰਜਿਸਟਰ, ਮਿਆਦ ਅਤੇ ਮੌਜੂਦ ਉਤਪਾਦਾਂ ਦੀ ਮਿਆਦ ਸਬੰਧੀ ਜਾਂਚ ਵੀ ਕੀਤੀ।
ਇਸ ਮੌਕੇ ਸੰਯੁਕਤ ਡਾਇਰੈਕਟਰ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਸਾਉਣੀ ਸੀਜਨ -2025 ਦੌਰਾਨ ਕਿਸਾਨਾਂ ਨੂੰ ਮਿਆਰੀ ਖਾਦ, ਕੀਟਨਾਸ਼ਕ ਅਤੇ ਬੀਜ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਦੀ ਕਿਸੇ ਕਿਸਮ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੈਰ ਮਿਆਰੀ ਖਾਦਾਂ ਅਤੇ ਘਟੀਆ ਕੀਟਨਾਸ਼ਕ ਵੇਚਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦਾਂ, ਕੀਟਨਾਸ਼ਕ ਅਤੇ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਇਸ ਦਾ ਪੱਕਾ ਬਿਲ ਜਰੂਰ ਲੈਣ ਤਾਂ ਜੋ ਲੋੜ ਪੈਣ ‘ਤੇ ਸਬੰਧਤ ਵਿਰੁੱਧ ਕਾਰਵਾਈ ਕੀਤੀ ਜਾ ਸਕੇ।