ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਤਹਿਤ ਕੱਲ ਮੋਹਾਲੀ ਦੇ ਫੇਜ਼ 1 ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਬਲਾਕ ਕਾਂਗਰਸ ਕਮੇਟੀ ਮੋਹਾਲੀ (ਦਿਹਾਤੀ) ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੌਰਾਨ ਮੋਹਾਲੀ ਦੇ ਸੰਗਠਨ ਦੇ ਆਬਜ਼ਰਵਰ ਸ਼੍ਰੀ ਮਨੀਸ਼ ਬਾਂਸਲ ਜੀ ਅਤੇ ਹਲਕਾ ਕੋਆਰਡੀਨੇਟਰ ਸ. ਗੁਰਕੀਮਤ ਸਿੰਘ ਸਿੱਧੂ ਜੀ ਮੌਜੂਦ ਰਹੇ।
ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਇਸ ਮੀਟਿੰਗ ਦੌਰਾਨ ਮੋਹਾਲੀ ਦੇ ਸਮੁੱਚੇ ਮੰਡਲ ਪ੍ਰਧਾਨਾਂ ਅਤੇ ਬੂਥ ਕਮੇਟੀਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕੀਤੀ ।

ਇਸ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ, “ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਬਣਾਈਆਂ ਗਈਆਂ ਬੂਥ ਕਮੇਟੀਆਂ ਨੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਨਾ ਸਿਰਫ਼ ਮਜ਼ਬੂਤ ਕੀਤਾ ਹੈ, ਬਲਕਿ ਇਹ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਸਾਬਿਤ ਹੋਇਆ ਹੈ। ਹੁਣ, ਹਰ ਹਫ਼ਤੇ ਹੋ ਰਹੀਆਂ ਮੀਟਿੰਗਾਂ ਅਤੇ ਲੋਕਾਂ ਨਾਲ ਹੋ ਰਹੀ ਗੱਲਬਾਤ ਨਾਲ ਕਾਂਗਰਸ ਨੇ ਲੋਕਾਂ ਨਾਲ ਸਾਨੂੰ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲ ਰਿਹਾ ਹੈ।”
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਹਾਲੀ ਦੇ ਸੰਗਠਨ ਦੇ ਆਬਜ਼ਰਵਰ ਸ਼੍ਰੀ ਮਨੀਸ਼ ਬਾਂਸਲ ਅਤੇ ਹਲਕਾ ਕੋਆਰਡੀਨੇਟਰ ਸ. ਗੁਰਕੀਮਤ ਸਿੰਘ ਸਿੱਧੂ ਨੇ ਕਿਹਾ, “ਸ. ਬਲਬੀਰ ਸਿੱਧੂ ਜੀ ਦੀ ਅਗਵਾਈ ਹੇਠ ਮੋਹਾਲੀ ਵਿੱਚ ਪਹਿਲਾਂ ਤੋਂ ਹੀ ਬੂਥ ਮੰਡਲ ਕਮੇਟੀਆਂ ਚੰਗੇ ਤਰੀਕੇ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਕਮੇਟੀਆਂ ਅੰਦਰ ਮਹਿਲਾਵਾਂ, ਨੌਜਵਾਨਾਂ ਸਣੇ ਸਮਾਜ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਯਕੀਨੀ ਬਣਾਕੇ ਹਰ ਹਫਤੇ ਇਨ੍ਹਾਂ ਕਮੇਟੀਆਂ ਦੀ ਮੀਟਿੰਗ ਕਰਕੇ ਕਾਂਗਰਸ ਪਾਰਟੀ ਦੀਆਂ ਯੋਜਨਾਵਾਂ ਅਤੇ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਘਰ ਘਰ ਤੱਕ ਪ੍ਰਚਾਰਿਤ ਕੀਤਾ ਜਾਵੇਗਾ।”

ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਸਿੱਧੂ ਨੇ ਕਿਹਾ, “ਅੱਜ ਪੰਜਾਬ ਨਸ਼ੇ ਵਿੱਚ ਰੁੱਲ ਰਿਹਾ ਹੈ, ਲੋਕਾਂ ‘ਤੇ ਫਰਜ਼ੀ ਪਰਚੇ ਦਰਜ ਕੀਤੇ ਜਾ ਰਹੇ ਨੇ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਮੁਲਾਜ਼ਮ ਵਰਗ ਆਪਣੀਆਂ ਹੱਕੀਂ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ। ਇਹ ਸਭ ਕੁਝ ਸਾਫ਼ ਜ਼ਾਹਿਰ ਕਰ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਅਤੇ ਅਮਨ ਸ਼ਾਂਤੀ ਲਿਆਉਣ ਵਿੱਚ ਪੂਰੀ ਤਰ੍ਹਾਂ ਨਾਲ ਅਸਫ਼ਲ ਸਾਬਿਤ ਹੋਈ ਹੈ।”
ਸਿੱਧੂ ਨੇ ਅੱਗੇ ਕਿਹਾ, “ਅੱਜ ਭਗਵੰਤ ਮਾਨ ਸਰਕਾਰ ਵਲੋਂ ਲਿਆਂਦੀ ਗਈ ਕਿਸਾਨ ਵਿਰੋਧੀ ਲੈਂਡ ਪੁਲਿੰਗ ਪਾਲਿਸੀ ਰਾਹੀਂ ਸਾਡੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਪਾਲਿਸੀ ਦਾ ਉਦੇਸ਼ ਸਿਰਫ਼ ਤੇ ਸਿਰਫ਼ ਵੱਡੇ ਬਿਲਡਰਾਂ ਅਤੇ ਰੀਅਲ ਈਸਟੇਟਾਂ ਦੇ ਮਾਲਕਾਂ ਨੂੰ ਖੁਸ਼ ਕਰਨਾ ਹੈ, ਲੇਕਿਨ ਕਾਂਗਰਸ ਪਾਰਟੀ ਆਪਣੇ ਲੋਕਾਂ ਨਾਲ ਇਸ ਲੜਾਈ ਵਿੱਚ ਖੜ੍ਹੀ ਹੈ ਅਤੇ ਹਮੇਸ਼ਾ ਹੀ ਖੜੀ ਰਹੇਗੀ।”

ਇਸ ਮੀਟਿੰਗ ਵਿੱਚ ਮੋਹਾਲੀ ਹਲਕੇ (ਦਿਹਾਤੀ) ਦੇ ਬਲਾਕ ਪ੍ਰਧਾਨ, ਮੰਡਲ ਪ੍ਰਧਾਨਾਂ, ਬੂਥ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ।