‘ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕੀਤੀ ਜਾ ਰਹੀ ਸਿਰਜਣਾ-ਵਿਧਾਇਕ ਹੈਪੀ

*ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਹਲਕੇ ਦੇ 05 ਸਰਕਾਰੀ ਸਕੂਲਾਂ ਚ 57 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ:-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਜਿਥੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਉਥੇ ਹੀ ਇਹ ਮੁਹਿੰਮ ਨਵੀਂ ਪੀੜ੍ਹੀ ਦੇ ਸੁਨਿਹਰੇ ਭਵਿੱਖ ਦੀ ਸਿਰਜਣਾ ਲਈ ਸਰਕਾਰ ਦੀ ਪਹਿਲ ਕਦਮੀ ਵੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਲਗਭਗ 57 ਲੱਖ ਦੀ ਲਾਗਤ ਨਾਲ ਹਲਕੇ ਦੇ 05 ਸਕੂਲਾਂ ਵਿੱਚ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।

ਵਿਧਾਇਕ ਹੈਪੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ‘ਪੰਜਾਬ ਸਿੱਖਿਆ ਕਰਾਂਤੀ’ ਤਹਿਤ ਸਾਰੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ ਬਜਟ ਵਿਚ ਸਿੱਖਿਆ ਲਈ ਲੋੜੀਂਦਾ ਪੈਸਾ ਰੱਖਿਆ ਗਿਆ ਹੈ ਜਿਸ ਰਾਹੀਂ ਸਰਕਾਰੀ ਸਕੂਲਾਂ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕਰਾਂਤੀ ਮੁਹਿੰਮ ਦੌਰਾਨ ਸਰਕਾਰੀ ਸਕੂਲਾਂ ਵਿਚ ਇਨਕਲਾਬੀ ਬਦਲਾਅ ਵਿਖਾਉਣ ਲਈ ਅਸੀਂ ਵੀ ਮਾਪਿਆਂ ਦੇ ਰੂ-ਬ- ਰੂ ਹੋ ਰਹੇ ਹਾਂ ਤਾਂ ਕਿ ਮਾਪਿਆਂ ਦਾ ਸਰਕਾਰੀ ਸਕੂਲਾਂ ਵਿਚ ਵਿਸਵਾਸ਼ ਕਾਇਮ ਹੋਵੇ ਅਤੇ ਹਰ ਬੱਚਾ ਸਰਕਾਰੀ ਸਕੂਲਾਂ ਵਿਚ ਦਾਖਲਾ ਲਵੇ।

ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੀਣ ਯੋਗ ਪਾਣੀ, ਹਾਈ-ਸਪੀਡ ਵਾਈਫਾਈ ਕੁਨੈਕਸ਼ਨ, ਲੜਕੀਆਂ ਅਤੇ ਲੜਕਿਆਂ ਲਈ ਵੱਖ-ਵੱਖ ਪਖਾਨੇ, ਡੈਸਕ ਤੇ ਕੁਰਸੀਆਂ, ਚਾਰਦਿਵਾਰੀ ਅਤੇ ਸੁਰੱਖਿਆ ਦੀਆਂ ਹੋਰ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਜਿੱਥੇ ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ ਉੱਥੇ ਲਗਾਤਾਰ ਬੁਨਿਆਦੀ ਸੁਵਿਧਾਵਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੈ ਕਿ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਸੈਸ਼ਨ ਦੇ ਸ਼ੁਰੂ ਵਿੱਚ ਹੀ ਮਿਲ ਰਹੀਆਂ ਹਨ।

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਸੀ ਪਠਾਣਾ-1 ਵਿੱਚ 10.95 ਲੱਖ ਦੀ ਲਾਗਤ ਨਾਲ, ਸਰਕਾਰੀ ਪ੍ਰਾਇਮਰੀ ਸਕੂਲ ਬਸੀ ਪਠਾਣਾ-2 ਵਿੱਚ 9.55 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬਸੀ ਪਠਾਣਾ-3 ਵਿੱਚ 13.55 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਬਸੀ ਪਠਾਣਾ ਵਿੱਚ 17.4 ਲੱਖ ਦੀ ਲਾਗਤ ਨਾਲ ਅਤੇ ਸਰਕਾਰੀ ਸਕੂਲ ਮੈੜਾਂ ਵਿਖੇ 5.5 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਕੌਂਸਲਰ ਅਤੇ ਲੇਬਰ ਵੈਲਫੇਅਰ ਬੋਰਡ ਦੇ ਡਾਇਰੈਕਟਰ ਰਾਜ ਪੁਰੀ, ਡਾਇਰੈਕਟਰ ਮੰਡੀ ਬੋਰਡ ਪੰਜਾਬ ਇੰਦਰਜੀਤ ਸਿੰਘ ਇੰਦਰੀ, ਅਰਮਜੀਤ ਅਰੋੜਾ, ਹਰਪ੍ਰੀਤ ਧੀਮਾਨ ਬਲਾਕ ਪ੍ਰਧਾਨ, ਅਮ੍ਰਿਤ ਬਾਜਵਾ, ਸਿਮਰਨ ਹੁੰਦਲ, ਰਸ਼ਪਿੰਦਰ ਕਲੌਂਦੀ, ਕਸ਼ਮੀਰ ਸਿੰਘ ਬਲਾਕ ਪ੍ਰਧਾਨ, ਵਾਰਡ ਨੰ: 3 ਕੌਂਸਲਰ ਕਮਲਦੀਪ ਕੌਰ, ਸਰਪੰਚ ਗੁਰਸ਼ਰਨ ਸਿੰਘ ਬਾਜਵਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕਮਲਜੀਤ ਕੌਰ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਤੇ ਹੋਰ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *