ਪਿਛਲੇ ਤਿੰਨ ਮਹੀਨਿਆਂ ਵਿੱਚ ਚਿੱਟੇ ਮੋਤੀਏ ਦੇ ਕੀਤੇ ਗਏ 81 ਮੁਫਤ ਸਫਲ ਆਪਰੇਸ਼ਨ : ਡਾਕਟਰ ਸੁਰੇਸ਼ ਕੰਬੋਜ਼

ਅੱਖਾਂ ਦੀਆਂ ਸਮੱਸਿਆਵਾਂ ਨੂੰ ਕਦੀ ਵੀ ਨਾ ਕਰੋ ਨਜ਼ਰ ਅੰਦਾਜ਼: ਡਾ. ਲਵਲੀ ਕਾਂਸਲ

ਫਾਜ਼ਿਲਕਾ 12  ਅਗਸਤ
ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਜੀ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਅਤੇ ਡਾਕਟਰ ਸੁਰੇਸ਼ ਕੰਬੋਜ ਸੀਨੀਅਰ ਮੈਡੀਕਲ ਅਫ਼ਸਰ ਦੀ ਦੇਖਰੇਖ ਵਿੱਚ ਸਿਵਲ ਹਸਪਤਾਲ ਅਬੋਹਰ ਵਿਖੇ ਪਿਛਲੇ ਤਿੰਨ ਮਹੀਨਿਆਂ ਵਿਚ ਚਿੱਟੇ ਮੋਤੀਏ ਦੇ 81 ਆਪਰੇਸ਼ਨ ਸਮੇਤ ਲਗਭਗ 134 ਮੁਫ਼ਤ ਆਪਰੇਸ਼ਨ ਕੀਤੇ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਰੇਸ਼ ਕੰਬੋਜ ਅਤੇ ਅੱਖਾਂ ਦੇ ਮਾਹਿਰ ਡਾਕਟਰ ਲਵਲੀ ਕਾਂਸਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਿੱਟੇ ਮੋਤੀਏ ਦੀ ਰੋਕਥਾਮ ਸਬੰਧੀ ਜਿੱਥੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ ਉੱਥੇ ਨਾਲ ਹੀ ਪੀੜਿਤ ਵਿਅਕਤੀਆਂ ਦੇ ਮੁਫਤ ਆਪਰੇਸ਼ਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਅਬੋਹਰ ਵਿਖੇ ਮਾਹਿਰ ਡਾਕਟਰਾਂ ਵੱਲੋਂ ਮਈ ਮਹੀਨੇ ਵਿੱਚ 25, ਜੂਨ ਮਹੀਨੇ ਵਿੱਚ 31 ਅਤੇ ਜੁਲਾਈ ਮਹੀਨੇ ਵਿੱਚ 25 ਚਿੱਟੇ ਮੋਤੀਏ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਗਏ। ਇਸ ਦੇ ਨਾਲ ਹੀ ਅੱਖਾਂ ਵਿੱਚ ਗੰਡ, ਨਕੂਣਾ, ਪਲਕ ਦਾ ਅੰਦਰ ਮੁੜਿਆ ਹੋਣਾ ਆਦਿ ਨਾਲ ਸੰਬੰਧਿਤ ਆਪਰੇਸ਼ਨ ਵੀ ਮੁਫਤ ਕੀਤੇ ਗਏ।

ਸਹਾਇਕ ਸਿਵਲ ਸਰਜਨ ਕਮ ਨੋਡਲ ਅਫਸਰ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਤਹਿਤ ਮਈ ਤੋਂ ਜੂਨ ਮਹੀਨੇ ਦੌਰਾਨ ਜ਼ਿਲ੍ਹੇ ਦੇ 1109 ਐਨਕਾਂ ਵੰਡੀਆਂ ਗਈਆਂ ਜਿਨਾਂ ਵਿੱਚੋਂ 209 ਐਣਕਾਂ ਸਕੂਲੀ ਵਿਦਿਆਰਥੀਆਂ ਵਿੱਚ ਵੰਡੀਆਂ ਗਈਆਂ ਅਤੇ ਲਗਭਗ 900 ਐਨਕਾਂ ਨੂੰ ਲੋੜਵੰਦ ਵਿਅਕਤੀਆਂ ਨੂੰ ਵੰਡੀਆਂ ਗਈਆਂ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਦੀ ਸ਼ਨਾਖਤ ਸਿਹਤ ਕਰਮੀਆਂ ਵੱਲੋਂ ਵੱਖ-ਵੱਖ ਸਥਾਨਾਂ ਤੇ ਕੈਂਪ ਲਗਾ ਕੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵਿਅਕਤੀ ਨੂੰ ਅੱਖਾਂ ਦੀ ਸਾਂਭ ਸੰਭਾਲ ਪ੍ਰਤੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਜੇਕਰ ਕਦੇ ਵੀ ਕਿਸੇ ਪ੍ਰਕਾਰ ਦੀ ਅੱਖਾਂ ਦੀ ਸਮੱਸਿਆ ਪੇਸ਼ ਆਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਖੇ ਆ ਕੇ ਮਾਹਿਰ ਡਾਕਟਰਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ।
ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅਤੇ ਪਿੰਡਾਂ ਵਿੱਚ ਅੱਖਾਂ ਦੇ ਜਾਂਚ ਕੈਂਪ ਲਗਾ ਕੇ ਅੱਖਾਂ ਦੀਆਂ ਪਰੇਸ਼ਾਨੀਆਂ ਝੱਲ ਰਹੇ ਬੱਚਿਆਂ ਅਤੇ ਲੋਕਾਂ ਦੀ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਦੌਰਾਨ ਜਿਹੜੇ ਵੀ ਵਿਅਕਤੀਆਂ ਨੂੰ ਆਪਰੇਸ਼ਨ ਦੀ ਜਰੂਰਤ ਹੁੰਦੀ ਹੈ ਤਾਂ ਵਿਭਾਗ ਵਲੋਂ ਇਹ ਸੇਵਾ ਬਿਲਕੁਲ ਮੁਫਤ ਮੁਹਈਆ ਕਰਵਾਈ ਜਾਂਦੀ ਹੈ।

ਅੱਖਾਂ ਦੇ ਮੁਫ਼ਤ ਆਪਰੇਸ਼ਨ ਕਰਵਾ ਚੁਕੇ ਮਰੀਜ ਧੰਨਾ ਰਾਮ, ਮਹਿੰਦਰ ਕੌਰ ਅਤੇ ਅਮਰਜੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਸਿਵਲ ਹਸਪਤਾਲ ਅਬੋਹਰ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਲਵਲੀ ਕਾਂਸਲ ਤੋਂ ਚਿੱਟੇ ਮੋਤੀਏ ਦਾ ਆਪਰੇਸ਼ਨ ਕਰਵਾਇਆ ਸੀ। ਉਹਨਾਂ ਦੀਆਂ ਅੱਖਾਂ ਹੁਣ ਪੂਰੀ ਤਰਾਂ ਠੀਕ ਹਨ ਅਤੇ ਉਹ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਲੋੜ ਮੁਤਾਬਕ ਉਹ ਆਪਣੀ ਅੱਖਾਂ ਦਾ ਆਪਰੇਸ਼ਨ ਸਰਕਾਰੀ ਹਸਪਤਾਲ ਤੋਂ ਹੀ ਕਰਵਾਉਣ। ਇਸ ਮੌਕੇ ਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਨਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਨੇ ਦੱਸਿਆ ਕੀ ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਕਰਨ ਲਈ ਅੱਗੇ ਆਉਣ।

Leave a Reply

Your email address will not be published. Required fields are marked *