ਫਾਜ਼ਿਲਕਾ 11 ਸਤੰਬਰ
ਹੜ੍ਹਾਂ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਰਾਹਤ ਵੰਡਨ ਦਾ ਕੰਮ ਤੇਜੀ ਨਾਲ ਜਾਰੀ ਹੈ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਲੋੜਵੰਦ ਰਾਹਤ ਸਮੱਗਰੀ ਤੋਂ ਵਾਂਝਾ ਨਾ ਰਹੇ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ 15070 ਰਾਸ਼ਨ ਕਿਟਾਂ ਵੰਡੀਆਂ ਗਈਆਂ ਹਨ। ਪਸ਼ੂ ਪਾਲਕਾਂ ਦੇ ਜਾਨਵਰਾਂ ਲਈ 6236 ਪੈਕੇਟ ਕੈਟਲ ਫੀਡ ਵੰਡੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਤੋਂ 4363 ਲੋਕਾਂ ਨੂੰ ਬਾਹਰ ਕੱਢਿਆ ਸੀ। ਕੁੱਲ ਸਥਾਪਿਤ 30 ਰਾਹਤ ਕੈਂਪਾਂ ਵਿਚੋਂ 14 ਕਾਰਜਸ਼ੀਲ ਕੈਂਪਾਂ ਵਿਚ 3036 ਲੋਕ ਰਹਿ ਰਹੇ ਹਨ। ਰਾਹਤ ਕੈਂਪਾਂ ਵਿਚ ਮਿਲ ਰਹੀ ਸੁਵਿਧਾ ਕਾਰਨ ਪਹਿਲੀ ਵਾਰ ਹੈ ਕਿ ਐਨੇ ਲੋਕ ਕੈਂਪਾਂ ਵਿਚ ਆ ਰਹੇ ਹਨ। ਰਾਹਤ ਕੈਂਪਾਂ ਵਿਚ ਆਏ ਲੋਕਾਂ ਦੇ ਜਾਨਵਰਾਂ ਲਈ ਚਾਰਾ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। ਰਾਹਤ ਕਾਰਜਾਂ ਵਿਚ ਲਗਾਤਾਰ ਟੀਮਾਂ ਲੱਗੀਆਂ ਹੋਈਆਂ ਹਨ। ਤਰਪਾਲਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਰਸ਼ਾਂ ਨਾ ਹੋਣ ਕਾਰਨ ਹਰੀਕੇ ਅਤੇ ਹੁਸੈਨੀਵਾਲਾ ਹੈਡਵਰਕਸ ਤੋਂ ਰੋਜਾਨਾ ਪਾਣੀ ਘੱਟ ਰਿਹਾ ਹੈ। ਹਰੀਕੇ ਤੋਂ 111562 ਕਿਉਸਿਕ ਅਤੇ ਹੁਸੈਨੀਵਾਲਾ ਤੋਂ 125405 ਕਿਉਸਿਕ ਪਾਣੀ ਚੱਲ ਰਿਹਾ ਹੈ। ਪਾਣੀ ਘਟਣ ਦਾ ਅਸਰ ਕਾਂਵਾਂ ਵਾਲੀ ਪਤੱਣ ਤੇ ਵੀ ਪ੍ਰਤਖ ਦਿਖਣ ਲੱਗਿਆ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ।

