
*ਘਟਨਾ ਚ ਸ਼ਾਮਲ 02 ਹੋਰ ਕਥਿਤ ਦੋਸ਼ੀਆਂ ਦੀ ਪੁਲਿਸ ਕਰ ਰਹੀ ਭਾਲ
*ਕਥਿਤ ਦੋਸ਼ੀਆਂ ਨੇ ਗੈਂਗਸਟਰ ਮਨੀ ਭਿੰਡਰ ਰਾਹੀਂ ਹਥਿਆਰ ਤੇ ਗੱਡੀ ਦਾ ਕੀਤਾ ਸੀ ਇੰਤਜ਼ਾਮ
ਫ਼ਤਹਿਗੜ੍ਹ ਸਾਹਿਬ, 21 ਮਾਰਚ;
ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਵਿਖੇ ਇੱਕ ਵਪਾਰੀ ਦੇ ਦਫ਼ਤਰ ਤੋਂ 15 ਲੱਖ 50 ਹਜ਼ਾਰ ਰੁਪਏ ਦੀ ਹੋਈ ਲੁੱਟ ਵਿੱਚ ਸ਼ਾਮਲ 07 ਕਥਿਤ ਦੋਸ਼ੀਆਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਇਸ ਘਟਨਾ ਵਿੱਚ ਸ਼ਾਮਲ 02 ਹੋਰ ਕਥਿਤ ਦੋਸ਼ੀਆਂ ਦੀ ਪੁਲਿਸ ਭਾਲ ਕਰ ਰਹੀ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ 32 ਬੋਰ ਦੀਆਂ 03 ਪਿਸਟਲ, 08 ਲੱਖ ਰੁਪਏ ਦੀ ਨਗਦੀ, ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰ ਸਾਇਕਲ ਤੇ ਘਟਨਾ ਵਿੱਚ ਵਰਤੀ ਗਈ ਸਵਿਫਟ ਕਾਰ ਨੰਬਰ ਐਚ.ਆਰ.-26 ਸੀ.ਡਬਲਯੂ-0399 ਵੀ ਬਰਾਮਦ ਕੀਤੀ ਗਈ ਹੈ।

ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਲੁੱਟ ਦੀ ਘਟਨਾ ਸਬੰਧੀ ਥਾਣਾ ਪੁਲਿਸ ਵੱਲੋਂ ਬੀ.ਐਨ.ਐਸ. ਦੀ ਧਾਰਾ 310 (2), 312, 191 (3), 190 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮੰਡੀ ਗੋਬਿਦਗੜ੍ਹ ਵਿਖੇ ਮੁਕੱਦਮਾ ਨੰਬਰ 43 ਮਿਤੀ 11-03-2025 ਦਰਜ਼ ਕੀਤਾ ਗਿਆ ਸੀ।
ਜ਼ਿਲ੍ਰਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਲੁੱਟ ਦੀ ਘਟਨਾ ਸਬੰਧੀ ਜ਼ਿਲ੍ਹਾ ਪੁਲਿਸ ਵੱਲੋਂ ਐਸ.ਪੀ. (ਡੀ) ਸ਼੍ਰੀ ਰਾਕੇਸ਼ ਯਾਦਵ, ਡੀ.ਐਸ.ਪੀ. (ਡੀ) ਨਿਖਿਲ ਗਰਗ ਤੇ ਡੀ.ਐਸ.ਪੀ. ਅਮਲੋਹ ਗੁਰਦੀਪ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਤਕਨੀਕੀ, ਡਿਜੀਟਲ ,ਗਰਾਊਂਡ ਟੀਮਾਂ ਤੇ ਘਟਨਾ ਦੀ ਗਹਿਰਾਈ ਨਾਲ ਘੋਖ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਸ਼ਲਾਘਾਯੋਗ ਕੰਮ ਕਰਦਿਆਂ ਇਸ ਮੁਕੱਦਮੇ ਵਿੱਚ ਮਿਤੀ 16-03-2025 ਨੂੰ 02 ਕਥਿਤ ਦੋਸ਼ੀ ਬਸੰਤ ਸਿੰਘ ਉਰਫ ਰਿੰਕੂ, ਵਾਸੀ ਰਾਮਵਾਲਾ, ਥਾਣਾ ਮਹਿਣਾ ਜ਼ਿਲ੍ਹਾ ਮੋਗਾ ਅਤੇ ਜੈ ਦੀਪ ਸਿੰਘ ਵਾਸੀ ਧੂਰਕੋਟ ਟਾਲੀਵਾਲ, ਥਾਣਾ ਮਹਿਣਾ ਜ਼ਿਲ੍ਹਾ ਮੋਗਾ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਿਤੀ 16-03-2025 ਨੂੰ ਇੱਕ ਖੂਫੀਆ ਸੂਚਨਾ ਮਿਲੀ ਸੀ ਕਿ ਦੋਵੇਂ ਕਥਿਤ ਦੋਸ਼ੀਆਂ ਨੂੰ ਮੰਡੀ ਗੋਬਿੰਦਗੜ੍ਹ ਦੇ ਇਲਾਕੇ ਵਿੱਚ ਘੁੰਮਦੇ ਵੇਖਿਆ ਗਿਆ ਹੈ। ਜਿਸ ਤੇ ਤੁਰੰਤ ਨਾਕਾਬੰਦੀ ਕਰਵਾਕੇ ਸਾਰੀਆਂ ਟੀਮਾਂ ਨੂੰ ਅਲਰਟ ਕੀਤਾ ਗਿਆ ਜਿਸ ਤਹਿਤ ਕਾਰਵਈ ਕਰਦੇ ਹੋਏ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਰਸ਼ਦੀਪ ਸ਼ਰਮਾ ਅਤੇ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀਆਂ ਟੀਮਾਂ ਵੱਲੋਂ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਚਤਰਪੁਰਾ ਸਾਇਡ ਤੋਂ 02 ਨੌਜਵਾਨ ਬਿਨਾਂ ਨੰਬਰ ਦੇ ਮੋਟਰ ਸਾਇਕਲ ਤੇ ਆਉਂਦੇ ਵਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀਆਂ ਨੂੰ ਦੇਖ ਕੇ ਆਪਣਾ ਮੋਟਰ ਸਾਇਕਲ ਸੂਏ ਦੀ ਕੱਚੀ ਕਟੜੀ ਤੇ ਮੋੜ ਲਿਆ ਅਤੇ ਮੋਟਰ ਸਾਇਕਲ ਮਿੱਟੀ ਦੇ ਢੇਰ ਤੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਨ੍ਰਾਂ ਨੌਜਵਾਨਾਂ ਨੇ ਪੁਲਿਸ ਪਾਰਟੀ ਤੇ ਆਪਣੀਆਂ ਪਿਸਟਲਾਂ ਨਾਲ ਫਾਇਰ ਕੀਤੇ ਜੋ ਕਿ ਸਰਕਾਰੀ ਗੱਡੀ ਤੇ ਲੱਗੇ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇੰਸਪੈਕਟਰ ਅਰਸ਼ਦੀਪ ਸ਼ਰਮਾ ਤੇ ਸਹਾਇਕ ਥਾਣੇਦਾਰ ਜਗਦੀਪ ਸਿੰਘ ਨੇ ਆਪਣੀ ਆਤਮ ਰੱਖਿਆ ਅਤੇ ਪੁਲਿਸ ਪਾਰਟੀ ਦੇ ਬਚਾਅ ਲਈ ਆਪਣੀਆਂ ਸਰਵਿਸ ਪਿਸਟਲਾਂ ਨਾਲ ਫਾਇਰ ਕੀਤੇ ਜੋ ਕਿ ਇਸ ਮੁਕਾਬਲੇ ਵਿੱਚ ਦੋਵੇਂ ਵਿਅਕਤੀ ਜਖ਼ਮੀ ਹੋ ਗਏ। ਜਖਮੀ ਵਿਅਕਤੀਆਂ ਨੂੰ ਕਾਬੂ ਕਰਕੇ ਮੁਢਲੀ ਸਹਾਇਤਾ ਲਈ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਇੱਕ ਪੰਜਾਬ ਹੋਮਗਾਰਡਜ਼ ਦਾ ਜਵਾਨ ਕਰਨੈਲ ਸਿੰਘ ਵੀ ਜਖ਼ਮੀ ਹੋ ਗਿਆ ਸੀ। ਇਸ ਘਟਨਾ ਤੇ ਪੁਲਿਸ ਵੱਲੋਂ ਦੋਵੇਂ ਕਥਿਤ ਦੋਸ਼ੀਆਂ ਖਿਲਾਫ ਬੀ.ਐਨ.ਐਸ. ਦੀ ਧਾਰਾ 109,132,221, 3 (5) ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮਿਤੀ 16-03-2025 ਨੂੰ ਮੁਕੱਦਮਾ ਨੰਬਰ 51 ਦਰਜ਼ ਕੀਤਾ ਗਿਆ ਸੀ।
ਸ਼੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ਦੀ ਮੁਢਲੀ ਪੁੱਛਗਿੱਛ ਵਿੱਚ ਇਹ ਪਤਾ ਲੱਗਿਆ ਕਿ 11 ਮਾਰਚ ਨੂੰ ਮੰਡੀ ਗੋਬਿੰਦਗੜ੍ਹ ਵਿਖੇ 15 ਲੱਖ 50 ਹਜ਼ਾਰ ਰੁਪਏ ਦੀ ਹੋਈ ਲੁੱਟ ਦੀ ਵਾਰਦਾਤ ਵਿੱਚ ਇਹ ਵਿਅਕਤੀ ਨਾਮਜ਼ਦ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮੁਕੱਦਮੇ ਵਿੱਚ 07 ਕਥਿਤ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ 02 ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਕਥਿਤ ਦੋਸ਼ੀ ਬਸੰਤ ਸਿੰਘ ਉਰਫ ਰਿੰਕੂ ਵਾਸੀ ਰਾਮਾਵਲਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ, ਜੈ ਦੀਪ ਸਿੰਘ ਵਾਸੀ ਧੂਰਕੋਟ ਟਾਹਲੀਵਾਲਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਬੱਘੀਪੁਰਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ, ਗੁਰਪ੍ਰੀਤ ਸਿੰਘ ਉਰਫ ਧੋਨੀ, ਵਾਸੀ ਰਾਮੂਵਾਲ ਕਲਾਂ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ, ਓਮਾ ਸ਼ੰਕਰ ਵਾਸੀ ਮਕਾਨ ਨੰਬਰ 173, ਵਾਰਡ ਨੰਬਰ 6, ਗਲੀ ਨੰ: 19, ਬਸਤੀ ਗੋਬਿੰਦਗੜ੍ਹ, ਜ਼ਿਲ੍ਹਾ ਮੋਗਾ, ਅਜੈ ਵਾਸੀ ਬਸਤੀ ਨਿਜਾਮਦੀਨ, ਵਾਰਡ ਨੰਬਰ 03, ਥਾਣਾ ਸਿਟੀ ਫਿਰੋਜਪੁਰ, ਜਸਪਾਲ ਸਿੰਘ ਵਾਸੀ ਬਸਤੀ ਬਾਹਜੀਗਰ, ਹਾਕਮ ਦਾ ਗਵਾਹ, ਨੇੜੇ ਰਾਜਿੰਦਰਾ ਸਟੇਟ, ਮੋਗਾ, ਜ਼ਿਲ੍ਹਾ ਮੋਗਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਰੈਣਾ ਵਾਸੀ ਰਾਮੂਵਾਲ ਕਲਾਂ, ਥਾਣਾ ਮਹਿਣਾ ਜ਼ਿਲ੍ਹਾ ਮੋਗਾ ਅਤੇ ਅਕਾਸ਼ਦੀਪ ਸਿੰਘ ਵਾਸੀ ਮੋਗਾ ਦੀ ਗ੍ਰਿਫਤਾਰੀ ਬਾਕੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਇਹ ਪਤਾ ਚੱਲਿਆ ਹੈ ਕਿ ਕਥਿਤ ਦੋਸ਼ੀ ਓਮਾ ਸ਼ੰਕਰ ਅਤੇ ਅਜੇ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਕਥਿਤ ਦੋਸ਼ੀ ਅਜੇ ਕੁਝ ਸਮਾਂ ਪਹਿਲਾਂ ਮੰਡੀ ਗੋਬਿੰਦਗੜ੍ਹ ਵਿਖੇ ਕਿਸੇ ਦੀ ਪੇਮੈਂਟ ਲੈਣ ਲਈ ਆਇਆ ਸੀ। ਜਿਸ ਕਰਕੇ ਉਸ ਨੂੰ ਇਸ ਦਫ਼ਤਰ ਬਾਰੇ ਸਭ ਕੁਝ ਪਤਾ ਸੀ।ਉਨ੍ਹਾਂ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਮਨੀ ਭਿੰਡਰ ਰਾਹੀਂ ਕਥਿਤ ਦੋਸ਼ੀ ਬਸੰਤ ਸਿੰਘ ਨੇ ਹਥਿਆਰਾਂ ਤੇ ਗੱਡੀ ਦਾ ਇੰਤਜ਼ਾਮ ਕਰਵਾਇਆ ਸੀ।
