18 ਸਾਲ ਤੋਂ 55 ਸਾਲ ਦਰਮਿਆਨ ਹੋਣੀ ਚਾਹੀਦੀ ਹੈ ਚਾਹਵਾਨ ਉਮੀਦਵਾਰ ਦੀ ਉਮਰ
*ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9653031054 ਅਤੇ 8283045015 ‘ਤੇ ਕੀਤਾ ਜਾ ਸਕਦੈ ਸੰਪਰਕ
ਫ਼ਤਹਿਗੜ੍ਹ ਸਾਹਿਬ, 06 ਮਾਰਚ:
ਡੇਅਰੀ ਵਿਕਾਸ ਵਿਭਾਗ ਵੱਲੋਂ ਦਿਹਾਤੀ ਖੇਤਰ ਦੇ ਬੇਰੋਜ਼ਗਾਰ ਨੌਜਵਾਨਾਂ ਤੇ ਔਰਤਾਂ ਨੂੰ ਡੇਅਰੀ ਦਾ ਕਿੱਤਾ ਅਪਣਾਉਣ ਲਈ ਉਤਸਾਹਤ ਕਰਨ ਵਾਸਤੇ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਿਖਿਆਰਥੀਆਂ ਨੂੰ ਇਹ ਸਿਖਲਾਈ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਚਤਾਮਲੀ (ਰੋਪੜ) ਵਿਖੇ ਅਤੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬੀਜਾ (ਲੁਧਿਆਣਾ) ਵਿਖੇ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ਼੍ਰੀ ਦਲਬੀਰ ਕੁਮਾਰ ਨੇ ਦਿੱਤੀ।
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦਲਬੀਰ ਸਿੰਘ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ ਦੀ ਉਮਰ 18 ਸਾਲ ਤੋਂ 55 ਸਾਲ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਉਹ ਘੱਟ ਤੋਂ ਘੱਟ ਪੰਜਵੀਂ ਪਾਸ ਹੋਣਾ ਚਾਹੀਦਾ ਹੈ। ਸਿਖਿਆਰਥੀ ਦਿਹਾਤੀ ਖੇਤਰ ਨਾਲ ਸਬੰਧਤ ਹੋਣਾ ਚਾਹੀਦਾ ਹੈ। ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ਼ ਜਿਵੇਂ ਕਿ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਇਜ਼ ਫੋਟੋ ਲੈ ਕੇ ਉਨ੍ਹਾਂ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਆਦਿ ਸਬੰਧੀ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਿਖਲਾਈ ਲਈ ਲੋੜੀਂਦੇ ਫਾਰਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ਦੇ ਕਮਰਾ ਨੰਬਰ 406 ਵਿਖੇ ਸਥਿਤ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਖੇ ਭਰੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਐਨ.ਐਲ.ਐਮ. ਸਕੀਮ ਅਧੀਨ ਦੁਧਾਰੂ ਪਸ਼ੂਆਂ ਦਾ ਬੀਮਾ ਕਰਨ ਦੀ ਸਹੂਲਤ ਸਬਸਿਡੀ 'ਤੇ ਪਸ਼ੂ ਪਾਲਕਾਂ ਨੂੰ ਦਿੱਤੀ ਜਾ ਰਹੀ ਹੈ। ਜਿਸ ਤਹਿਤ ਇੱਕ ਸਾਲ ਦੀ ਬੀਮਾ ਪਾਲਿਸੀ ਜੋ ਕਿ 2240 ਰੁਪਏ ਹੈ, ਲਈ ਜਨਰਲ ਵਰਗ ਦੇ ਪਸ਼ੂ ਪਾਲਕਾਂ ਨੂੰ 1120 ਰੁਪਏ ਅਤੇ ਐਸ.ਸੀ./ਐਸ.ਟੀ. ਵਰਗ ਦੇ ਲਾਭਪਾਤਰੀ 672 ਰੁਪਏ ਭਰਨੇ ਪੈਣਗੇ।
ਦੋ ਸਾਲ ਦੀ ਬੀਮਾ ਪਾਲਿਸੀ ਦੇ 4200 ਰੁਪਏ ਪ੍ਰੀਮੀਅਮ ਵਿੱਚੋਂ ਜਨਰਲ ਵਰਗ ਤੇ ਏ.ਪੀ.ਐਲ ਵਰਗ ਦੇ ਪਸ਼ੂ ਪਾਲਕਾਂ ਨੂੰ 2100 ਰੁਪਏ ਅਤੇ ਐਸ.ਸੀ./ਐਸ.ਟੀ. ਵਰਗ ਦੇ ਲਾਭਪਾਤਰਾਂ ਨੂੰ 1260 ਰੁਪਏ ਹੀ ਭਰਨੇ ਪੈਣਗੇ।
ਤਿੰਨ ਸਾਲ ਲਈ 5600 ਰੁਪਏ ਦੇ ਬੀਮਾ ਅਧੀਨ ਜਨਰਲ/ਏ.ਪੀ.ਐਲ. ਵਰਗ ਦੇ ਲਾਭਪਾਤਰੀਆਂ ਨੂੰ 2800 ਰੁਪਏ ਅਤੇ ਐਸ.ਸੀ/ਐਸ.ਟੀ. ਵਰਗ ਦੇ ਲਾਭਪਾਤਰੀਆਂ ਨੂੰ 1680 ਰੁਪਏ ਦੇਣੇ ਪੈਂਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 9653031054 ਅਤੇ 8283045015 'ਤੇ ਸੰਪਰਕ ਕੀਤਾ ਜਾ ਸਕਦਾ ਹੈ।